ਯੂਕ੍ਰੇਨ ਯੁੱਧ, ਚੀਨ ਦੇ ਵਧਦੇ ਆਰਥਿਕ ਦਬਦਬੇ ’ਤੇ ਚਰਚਾ ਕਰਨਗੇ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀ

Thursday, Nov 03, 2022 - 12:54 PM (IST)

ਮੁੰਸਟਰ (ਜਰਮਨੀ), (ਏ. ਪੀ.)– ਜੀ-7 ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਜਰਮਨੀ ’ਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਦੋ ਦਿਨਾ ਵਾਰਤਾ ਦੌਰਾਨ ਯੂਕ੍ਰੇਨ ’ਚ ਯੁੱਧ ਦੇ ਅਸਰ, ਚੀਨ ਦੇ ਵਧਦੇ ਆਰਥਿਕ ਦਬਦਬੇ, ਤਾਇਵਾਨ ਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਈਰਾਨ ਦੀ ਕਾਰਵਾਈ ’ਤੇ ਚਰਚਾ ਕਰ ਸਕਦੇ ਹਨ। ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਅਮਰੀਕਾ ਜੀ-7 ਦੇ ਮੈਂਬਰ ਦੇਸ਼ ਹਨ।

ਇਨ੍ਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਜਰਮਨੀ ਦੇ ਪੱਛਮੀ ਸ਼ਹਿਰ ਮੁੰਸਟਰ ’ਚ ਬੈਠਕ ਕਰਨਗੇ। ਉਹ ਯੂਕ੍ਰੇਨ ’ਚ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਗੇ। ਇਨ੍ਹਾਂ ਦੇਸ਼ਾਂ ਨੇ ਲਗਭਗ ਇਕ ਸਾਲ ਪਹਿਲਾਂ ਰੂਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਤਾਂ ਉਸ ਨੂੰ ‘ਗੰਭੀਰ ਨਤੀਜੇ’ ਭੁਗਤਣੇ ਪੈਣਗੇ। ਹਮਲੇ ਤੋਂ ਦੋ ਮਹੀਨੇ ਪਹਿਲਾਂ ਦਿੱਤੀ ਗਈ ਇਸ ਚਿਤਾਵਨੀ ਨੂੰ ਪੂਰਾ ਕਰਦਿਆਂ ਇਨ੍ਹਾਂ ਦੇਸ਼ਾਂ ਨੇ ਰੂਸ ਨੂੰ ਸਜ਼ਾ ਦੇਣ ਦਾ ਆਪਣਾ ਸੰਕਲਪ ਕਾਫੀ ਹੱਦ ਤਕ ਪੂਰਾ ਕੀਤਾ ਹੈ ਪਰ ਇਸ ਦੇ ਬਾਵਜੂਦ ਉਹ ਰੂਸ ਨੂੰ ਰੋਕਣ ’ਚ ਨਾਕਾਮ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿ PM ਨੇ ਰਾਸ਼ਟਰਪਤੀ ਸ਼ੀ ਨਾਲ ਕੀਤੀ ਮੁਲਾਕਾਤ, ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਜਤਾਈ ਸਹਿਮਤੀ

ਬੈਠਕ ਦੌਰਾਨ ਚੀਨ ਤੇ ਈਰਾਨ ’ਤੇ ਵੀ ਚਰਚਾ ਕੀਤੀ ਜਾਵੇਗੀ। ਚੀਨ ਰੂਸ ਦਾ ਸਮਰਥਕ ਹੈ ਤੇ ਨਾਲ ਹੀ ਪੱਛਮ ’ਚ ਅਹਿਮ ਤੇ ਸੰਵੇਦਨਸ਼ੀਲ ਬੁਨਿਆਦੀ ਢਾਂਚੇ ’ਚ ਨਿਵੇਸ਼ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਪ੍ਰਦਰਸ਼ਨਕਾਰੀਆਂ ’ਤੇ ਬੇਰਹਿਮ ਕਾਰਵਾਈ ਕਰਨ ਵਾਲੇ ਈਰਾਨ ’ਤੇ ਰੂਸ ਨੂੰ ਹਥਿਆਰਬੰਦ ਡਰੋਨ ਤੇ ਹੋਰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਹਨ।

ਜੀ-7 ਬੈਠਕ ’ਚ ਸਮੂਹ ਨੂੰ ਇਕਜੁਟ ਰੱਖਣ ਨੂੰ ਲੈ ਕੇ ਵਾਰਤਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ’ਚ ਯੂਰਪੀ ਮਾਮਲਿਆਂ ਦੇ ਬਿਊਰੋ ਦੇ ਸੀਨੀਅਰ ਅਧਿਕਾਰੀ ਹਾਵਰਡ ਸੋਲੋਮਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਰੂਸ ਦੇ ਹਮਲੇ ਖ਼ਿਲਾਫ਼ ਖੜ੍ਹੇ ਹੋਣ ਦੇ ਯੂਕ੍ਰੇਨ ਦੀਆਂ ਹਿੰਮਤੀ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਲੋੜ ਨੂੰ ਲੈ ਕੇ ਯੂਰਪ ਤੇ ਅਮਰੀਕਾ ’ਚ ਇਕਜੁਟਤਾ ਹੈ ਤੇ ਇਸ ਮਾਮਲੇ ’ਚ ਉਸ ਦਾ ਰੁਖ਼ ਇਕੋ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News