ਉੱਤਰ ਕੋਰੀਆ ਪਹੁੰਚਣ ਲੱਗੇ ਵਿਦੇਸ਼ੀ ਪੱਤਰਕਾਰ, ਪ੍ਰੀਖਣ ਵਾਲੀ ਥਾਂ ਕਰੇਗਾ ਬੰਦ

05/23/2018 1:54:34 AM

ਸਿਓਲ — ਉੱਤਰ ਕੋਰੀਆ ਇਸ ਹਫਤੇ ਦੇ ਆਖਿਰ 'ਚ ਆਪਣੇ ਪ੍ਰਮਾਣੂ ਪ੍ਰੀਖਣ ਵਾਲੀ ਥਾਂ ਨੂੰ ਬੰਦ ਕਰ ਦੇਵੇਗਾ। ਇਸ ਨੂੰ ਕਵਰ ਕਰਨ ਲਈ ਵਿਦੇਸ਼ੀ ਪੱਤਰਕਾਰਾਂ ਨੇ ਦੇਸ਼ 'ਚ ਡੇਰਾ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤ 'ਚ ਦੱਖਣੀ ਕੋਰੀਆ ਦੀ ਮੀਡੀਆ ਨੂੰ ਵੀ ਇਥੇ ਆਉਣਾ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਨੂੰ ਬੀਜ਼ਿੰਗ ਤੋਂ ਚਾਰਟਡ ਜਹਾਜ਼ 'ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

PunjabKesari


ਪਿਓਂਗਯਾਂਗ ਮੀਡੀਆ ਕਰਮੀਆਂ ਦੇ ਛੋਟੇ ਸਮੂਹ ਨੂੰ ਹੀ ਪ੍ਰੀਖਣ ਥਾਂ ਤੱਕ ਜਾਣ ਦੀ ਇਜਾਜ਼ਤ ਦੇ ਰਿਹਾ ਹੈ। ਉਹ ਚਾਹੁੰਦਾ ਹੈ ਕਿ ਭੂਮੀਗਤ ਪ੍ਰੀਖਣ ਅਤੇ ਅੰਤਰ-ਮਹਾਦੀਪ ਬੈਲੇਸਟਿਕ ਮਿਜ਼ਾਈਲ ਦੇ ਪ੍ਰੀਖਣ 'ਤੇ ਰੋਕ ਲਾਉਣ ਦੇ ਉਸ ਦੇ ਵਾਅਦੇ ਦਾ ਪ੍ਰਚਾਰ ਹੋਵੇ। ਕਿਮ ਜੋਂਗ ਓਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 12 ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਐਲਾਨ ਕੀਤਾ ਸੀ।
ਉਥੇ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਫੌਜੀ ਅਭਿਆਸ ਨੂੰ ਲੈ ਕੇ ਉੱਤਰ ਕੋਰੀਆ ਨੇ ਸਿਓਲ ਨਾਲ ਉੱਚ ਪੱਧਰੀ ਸਬੰਧ ਖਤਮ ਕਰ ਦਿੱਤੇ ਹਨ। ਬੈਠਕ ਦੀ ਕਾਮਯਾਬੀ ਨੂੰ ਲੈ ਕੇ ਚਿੰਤਾਵਾਂ ਵਿਚਾਲੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵਾਸ਼ਿੰਗਟਨ 'ਚ ਟਰੰਪ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਟਰੰਪ ਨੇ ਦੱਸਿਆ ਸੀ ਕਿ ਕਿਮ ਜੋਂਗ ਓਨ ਨਾਲ ਉਨ੍ਹਾਂ ਦੀ ਮੁਲਾਕਾਤ ਸਿੰਗਾਪੁਰ 'ਚ 12 ਜੂਨ ਨੂੰ ਹੋਵੇਗੀ। ਟਰੰਪ ਨੇ ਟਵੀਟ ਕਰ ਕਿਹਾ ਸੀ ਕਿ ਦੁਨੀਆ 'ਚ ਸ਼ਾਂਤੀ ਲਿਆਉਣ ਲਈ ਅਸੀਂ ਦੋਵੇਂ ਮਿਲਾਂਗੇ। ਇਹ ਮੁਲਾਕਾਤ ਬੇਹੱਦ ਖਾਸ ਹੋਵੇਗੀ।


Related News