16ਵੇਂ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਇਨਾਮ ਪਿਆ ਫੁੱਟਬਾਲ ਕਲੱਬ ਫਾਬਰੀਕੋ ਦੀ ਝੋਲੀ
Tuesday, Jul 23, 2024 - 02:31 PM (IST)
ਰਿਜੋਇਮੀਲੀਆ (ਦਲਵੀਰ ਕੈਂਥ): ਫੁੱਟਬਾਲ ਕਲੱਬ ਫਾਬਰੀਕੋ ਵੱਲੋਂ ਸਵਰਗਵਾਸੀ ਸਰਬਜੀਤ ਸਿੰਘ ਰੱਲ੍ਹ ਅਤੇ ਬਲਬੀਰ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 16ਵਾਂ ਫੁੱਟਬਾਲ ਟੂਰਨਾਮੈਂਟ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਬਿਨਓਲੋ ਇਨ ਪਿਆਨੋ, ਰਿਜੋਇਮੀਲੀਆ, ਇਟਲੀ ਵਿਖੇ ਕਰਵਾਇਆ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਰਹਿਣ ਲਈ ਕੀਤੇ ਇਸ ਉਪਰਾਲੇ ਲਈ ਸਾਰੇ ਹੀ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਟੂਰਨਾਮੈਂਟ ਦੀ ਸ਼ੁਰੂਆਤ ਭਾਈ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਹੋਈ। ਗਰਮੀ ਪੂਰੇ ਜ਼ੋਰਾਂ 'ਤੇ ਸੀ ਪਰ ਖਿਡਾਰੀਆਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ। ਦੋ ਰੋਜ਼ਾ ਟੂਰਨਾਮੈਂਟ ਦਾ ਦਰਸ਼ਕਾਂ ਨੇ ਦੂਰੋਂ-ਨੇੜਿਓ ਪਹੁੰਚ ਕੇ ਆਨੰਦ ਮਾਣਿਆ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਇਆ।
ਸਾਰੇ ਹੀ ਲੀਗ ਮੈਚਾਂ, ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੈਚਾਂ ਤੋਂ ਬਾਅਦ ਫਾਈਨਲ ਮੈਚ ਫਾਬਰੀਕੋ ਅਤੇ ਲਾਈਨਜ ਆਫ ਪੰਜਾਬ ਆਜੋਲਾ ਦਰਮਿਆਨ ਖੇਡਿਆ ਗਿਆ। ਦੋਵੇਂ ਹੀ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਮੈਚ ਜੇਤੂ ਦਾ ਫ਼ੈਸਲਾ ਪੈਨਲਟੀਆਂ ਰਾਹੀਂ ਕੀਤਾ ਗਿਆ। ਜਿਸ ਵਿੱਚ ਐਫ ਸੀ ਫਾਬਰੀਕੋ ਦੀ ਟੀਮ ਜੇਤੂ ਰਹੀ ਅਤੇ ਉਨ੍ਹਾਂ ਦੀ ਟੀਮ ਨੇ ਜੁਲਾਈ ਮਹੀਨੇ ਵਿੱਚ ਲਗਾਤਾਰ ਇਹ ਦੂਸਰਾ ਟੂਰਨਾਮੈਂਟ ਆਪਣੇ ਨਾਮ ਕੀਤਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਫੁੱਟਬਾਲ ਕਲੱਬ ਫਾਬਰੀਕੋ ਨੂੰ ਉੱਪਲ ਇੰਡੀਅਨ ਰੈਸਟੋਰੈਂਟ ਵੱਲੋਂ 1000 ਯੂਰੋ, ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਲਾਈਨਜ ਆਫ ਪੰਜਾਬ ਫੁਟਬਾਲ ਕਲੱਬ ਆਜੋਲਾ ਨੂੰ ਰਿੱਕੀ ਮਾਕੀਨੇ ਉਤੈਨਸੀਲੀ ਵੱਲੋਂ 700 ਯੂਰੋ ਅਤੇ ਤੀਸਰੇ ਨੰਬਰ 'ਤੇ ਆਉਣ ਵਾਲੀ ਟੀਮ ਰੀਅਲ ਆਜੋਲਾ ਨੂੰ 300 ਯੂਰੋ ਸਨਮਾਨ ਵੱਜੋਂ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਏਅਰ ਇੰਡੀਆ ਨੇ ਅਮਰੀਕਾ ਲਈ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ
ਟਰਾਫੀਆਂ ਪਾਕਿਸਤਾਨੀ ਵੀਰ ਗੌਦਲ ਬ੍ਰਦਰਜ਼ ਵੱਲੋਂ ਦਿੱਤੀਆਂ ਗਈਆਂ। ਹਰ ਮੈਚ ਤੋਂ ਬਾਅਦ ਮੈਚ ਦਾ ਬੈਸਟ ਪਲੇਅਰ ਚੁਣਿਆ ਗਿਆ ਅਤੇ ਉਸਦਾ ਸਨਮਾਨ ਕੀਤਾ ਗਿਆ। ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਮਾਨਵ ਪਾਬਲਾ, ਬੈਸਟ ਗੋਲਕੀਪਰ ਕਰਨ ਬਾਰਥ, ਬੈਸਟ ਗੋਲ ਸਕੋਰਰ ਸੋਨੂੰ ਆਜੋਲਾ,ਬੈਸਟ ਯੰਗ ਪਲੇਅਰ ਫਾਈਨਲ ਕਮਲ ਨੌਰਾ ਅਤੇ ਬੈਸਟ ਪਲੇਅਰ ਆਫ ਟੂਰਨਾਮੈਂਟ ਜੱਗਾ ਰੀਅਲ ਆਜੋਲਾ ਨੂੰ ਦਿੱਤਾ ਗਿਆ। ਸਟੇਜ ਸੰਚਾਲਕ ਮਨਦੀਪ ਸੈਣੀ ਨੇ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਸ਼ੇਅਰੋ-ਸ਼ਾਇਰੀ ਰਾਹੀਂ ਜਿੱਥੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ, ਉੱਥੇ ਹੀ ਆਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਦਰਸ਼ਕਾਂ ਦਾ ਵੀ ਜੀਅ ਲਗਾਈ ਰੱਖਿਆ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਬੀਬੀਆਂ ਨੇ ਵੀ ਖਾਸੀ ਗਿਣਤੀ ਵਿੱਚ ਹਾਜ਼ਰੀ ਭਰੀ। ਦੋਵੇਂ ਹੀ ਦਿਨ ਆਏ ਦਰਸ਼ਕਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ, ਪਕੌੜੇ,ਕੜੀ ਚਾਵਲ ਅਤੇ ਦਾਲ ਫੁਲਕੇ ਦਾ ਲੰਗਰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵੱਲੋਂ ਚਲਦਾ ਰਿਹਾ। ਪ੍ਰਬੰਧਕਾਂ ਵੱਲੋਂ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕਾਂ ਵੱਲੋ ਪਹੁੰਚੀਆਂ ਸਾਰੀਆਂ ਟੀਮਾਂ,ਦਰਸ਼ਕਾਂ, ਪ੍ਰੈਸ,ਪਤਵੰਤੇ ਸੱਜਣਾਂ ਅਤੇ ਵੱਖ-ਵੱਖ ਤਰ੍ਹਾਂ ਨਾਲ ਸੇਵਾਵਾਂ ਕਰਨ ਵਾਲੇ ਸਾਰੇ ਹੀ ਸੱਜਣਾ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।