ਰੈਸਟੋਰੈਂਟ ’ਚ ਅਚਾਨਕ ਮੌਤ ਦੇ ਮੂੰਹ ’ਚ ਪਹੁੰਚਿਆ ਵਿਅਕਤੀ, ਮੁਢਲੀ ਸਹਾਇਤਾ ਨਾਲ ਬਚੀ ਜਾਨ
Wednesday, Dec 24, 2025 - 11:33 PM (IST)
ਵੈਨਕੂਵਰ (ਮਲਕੀਤ ਸਿੰਘ) - ਸੈਰ-ਸਪਾਟੇ ਲਈ ਮਸ਼ਹੂਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਸ਼ਹਿਰ ਵਿਸਲਰ ਵਿੱਚ ਇੱਕ ਰੈਸਟੋਰੈਂਟ ਅੰਦਰ ਉਸ ਸਮੇਂ ਅਫ਼ਰਾਤਫ਼ਰੀ ਮਚ ਗਈ, ਜਦੋਂ ਖਾਣਾ ਖਾਂਦੇ ਦੌਰਾਨ ਇੱਕ ਵਿਅਕਤੀ ਦੇ ਗਲੇ ਵਿੱਚ ਭੋਜਨ ਦਾ ਟੁਕੜਾ ਫਸ ਗਿਆ। ਇਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆਉਣ ਲੱਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਆਪਣੀ ਪਤਨੀ ਨਾਲ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ। ਅਚਾਨਕ ਖਾਣਾ ਨਿਗਲਦੇ ਸਮੇਂ ਭੋਜਨ ਦਾ ਟੁਕੜਾ ਗਲੇ ਵਿੱਚ ਅਟਕਣ ਕਾਰਨ ਉਹ ਘਬਰਾਹਟ ਵਿੱਚ ਆ ਗਿਆ ਅਤੇ ਇਸ਼ਾਰਿਆਂ ਰਾਹੀਂ ਨੇੜੇ ਬੈਠੇ ਲੋਕਾਂ ਤੋਂ ਮਦਦ ਮੰਗਣ ਲੱਗਾ। ਇਸ ਅਚਾਨਕ ਬਣੀ ਖਤਰਨਾਕ ਸਥਿਤੀ ਨਾਲ ਰੈਸਟੋਰੈਂਟ ਵਿੱਚ ਮੌਜੂਦ ਹੋਰ ਲੋਕ ਵੀ ਡਰ ਗਏ।
ਇਸ ਦੌਰਾਨ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੇ ਹਿੰਮਤ ਅਤੇ ਸੂਝਬੂਝ ਦਿਖਾਉਂਦਿਆਂ ਤੁਰੰਤ ਮੁਢਲੀ ਸਹਾਇਤਾ ਪ੍ਰਦਾਨ ਕੀਤੀ। ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਦਿੱਤੀ ਗਈ ਇਸ ਸਹੀ ਅਤੇ ਤੁਰੰਤ ਮਦਦ ਨਾਲ ਪੀੜਤ ਵਿਅਕਤੀ ਦੀ ਜਾਨ ਬਚਾ ਲਈ ਗਈ।
ਘਟਨਾ ਤੋਂ ਬਾਅਦ ਪੀੜਤ ਵਿਅਕਤੀ, ਉਸ ਦੀ ਪਤਨੀ ਅਤੇ ਰੈਸਟੋਰੈਂਟ ਵਿੱਚ ਮੌਜੂਦ ਹੋਰ ਲੋਕਾਂ ਵੱਲੋਂ ਜਾਨ ਬਚਾਉਣ ਵਾਲੇ ਵਿਅਕਤੀ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਐਮਰਜੈਂਸੀ ਸਥਿਤੀਆਂ ਵਿੱਚ ਮੁਢਲੀ ਸਹਾਇਤਾ ਦੀ ਜਾਣਕਾਰੀ ਕਿੰਨੀ ਅਹਿਮ ਹੁੰਦੀ ਹੈ।
