30 ਫੁੱਟ ਦੀ ਉਚਾਈ ਤੋਂ ਉੱਡਦਾ ਆਇਆ ਟਾਇਰ ਗੱਡੀ ''ਤੇ ਡਿੱਗਾ, ਇੰਝ ਬਚੀ ਡਰਾਈਵਰ ਦੀ ਜਾਨ

Friday, Nov 06, 2020 - 02:08 PM (IST)

30 ਫੁੱਟ ਦੀ ਉਚਾਈ ਤੋਂ ਉੱਡਦਾ ਆਇਆ ਟਾਇਰ ਗੱਡੀ ''ਤੇ ਡਿੱਗਾ, ਇੰਝ ਬਚੀ ਡਰਾਈਵਰ ਦੀ ਜਾਨ

ਟੋਰਾਂਟੋ- ਕਈ ਵਾਰ ਅਸੀਂ ਅਜਿਹੇ ਹਾਦਸਿਆਂ ਦਾ ਸਾਹਮਣਾ ਕਰਦੇ ਹਾਂ ਕਿ ਜਿਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵੀਰਵਾਰ ਦੁਪਹਿਰ ਵੇਲੇ ਡੋਨ ਵੈਲੀ ਪਾਰਕਵੇਅ ਵਿਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਕਿ ਜਿਸ ਨੂੰ ਦੇਖ ਲੋਕ ਹੈਰਾਨ ਹੋ ਗਏ। ਇੱਥੇ ਇਕ ਗੱਡੀ ਦਾ ਟਾਇਰ ਅਚਾਨਕ ਨਿਕਲਿਆ ਤੇ ਹਵਾ ਵਿਚ ਉੱਡਦਾ ਹੋਇਆ ਦੂਜੀ ਕਾਰ ਵਿਚ ਵੱਜਾ। ਖ਼ੁਸ਼ਕਿਸਮਤੀ ਨਾਲ ਦੂਜੀ ਕਾਰ ਦਾ ਡਰਾਈਵਰ ਸੁਰੱਖਿਅਤ ਬਚ ਗਿਆ ਜਦਕਿ ਕਾਰ ਦੀ ਹਾਲਤ ਦੇਖ ਕੇ ਕੋਈ ਯਕੀਨ ਨਹੀਂ ਕਰ ਸਕਦਾ ਹੈ ਕਿ ਡਰਾਈਵਰ ਸੁਰੱਖਿਅਤ ਬਚਿਆ ਹੋਵੇਗਾ।  

PunjabKesari

ਟੋਰਾਂਟੋ ਪੁਲਸ ਮੁਤਾਬਕ ਐੱਸ. ਯੂ. ਵੀ. ਗੱਡੀ ਹਾਈਵੇਅ 'ਤੇ ਜਾ ਰਹੀ ਸੀ ਤੇ ਉਸ ਦਾ ਟਾਇਰ ਨਿਕਲ ਕੇ ਦੂਜੇ ਵਾਹਨ ਵਿਚ ਵੱਜਾ ਇਸ ਕਾਰਨ ਕਾਰ ਦਾ ਸ਼ੀਸ਼ਾ ਤੇ ਉੱਪਰਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਗੱਡੀ ਵਿਚ ਸਵਾਰ ਗਰੇਜ ਓਲਡਰਜ਼ ਨੇ ਦੱਸਿਆ ਕਿ ਉਸ ਨੇ ਇਕ ਟਾਇਰ ਉੱਡਦਾ ਹੋਇਆ ਆਪਣੇ ਵੱਲ ਆਉਂਦਾ ਦੇਖਿਆ। ਉਸ ਨੇ ਦੇਖਿਆ ਕਿ ਟਾਇਰ ਗਾਰਡ ਰੇਲ ਦੇ ਉੱਪਰੋਂ ਉੱਡਿਆ ਸੀ ਅਤੇ ਹੇਠਾਂ ਡਿੱਗਣ ਤੋਂ ਪਹਿਲਾਂ ਹਵਾ ਵਿਚ ਤਕਰੀਬਨ 30 ਫੁੱਟ ਤੱਕ ਉੱਛਲਿਆ। ਇਹ ਦੇਖ ਕੇ ਉਹ ਡੈਸ਼ਬੋਰਡ ਦੇ ਪਿੱਛੇ ਲੁਕ ਗਿਆ। ਉਸ ਨੇ ਕਿਹਾ ਕਿ ਉਹ ਖ਼ੁਸ਼ਕਿਸਮਤੀ ਨਾਲ ਬਚ ਗਿਆ ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਸੀ ਜਾਂ ਉਹ ਗੰਭੀਰ ਜ਼ਖ਼ਮੀ ਹੋ ਸਕਦਾ ਸੀ।

ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਕਿਸੇ ਨੂੰ ਕੋਈ ਜੁਰਮਾਨਾ ਲੱਗਾ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਠੰਡ ਦੇ ਮੌਸਮ ਕਾਰਨ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦੇ ਟਾਇਰ ਬਦਲਾ ਰਹੇ ਹਨ। ਇਸ ਲਈ ਹਰੇਕ ਨੂੰ ਇਹ ਕੰਮ ਮਕੈਨਿਕ ਕੋਲੋਂ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਜਿਹੜੇ ਲੋਕ ਆਪ ਟਾਇਰ ਬਦਲਦੇ ਹਨ, ਕਈ ਵਾਰ ਉਨ੍ਹਾਂ ਦੀਆਂ ਗੱਡੀਆਂ ਦੇ ਟਾਇਰ ਅਚਾਨਕ ਢਿੱਲੇ ਹੋ ਕੇ ਡਿੱਗ ਜਾਂਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। 


author

Lalita Mam

Content Editor

Related News