ਇਟਲੀ : ਹੜ੍ਹ ਪ੍ਰਭਾਵਿਤ ਵੈਨਿਸ ''ਚ ਮੁੜ ਖੋਲ੍ਹੇ ਜਾਣਗੇ ਸਾਰੇ ਸਕੂਲ

11/18/2019 3:36:53 PM

ਵੈਨਿਸ— ਇਟਲੀ ਦੇ ਸ਼ਹਿਰ ਵੈਨਿਸ 'ਚ ਤਕਰੀਬਨ 50 ਸਾਲ ਬਾਅਦ ਅਜਿਹਾ ਭਿਆਨਕ ਹੜ੍ਹ ਆਇਆ, ਜਿਸ ਕਾਰਨ ਤਕਰੀਬਨ 70 ਫੀਸਦੀ ਸ਼ਹਿਰ ਪਾਣੀ ਨਾਲ ਭਰ ਗਿਆ। ਇਸ ਕਾਰਨ ਵੈਨਿਸ 'ਚ ਸਕੂਲਾਂ ਨੂੰ ਬੰਦ ਰੱਖਿਆ ਗਿਆ ਸੀ ਤੇ ਹੁਣ ਸ਼ਹਿਰ ਦੇ ਮੇਅਰ ਨੇ ਸਾਰੇ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਹਨ। ਐਤਵਾਰ ਨੂੰ ਵੈਨਿਸ ਦੇ ਮੇਅਰ ਲੁਇਗੀ ਬਰੁਗਨਾਰੋ ਨੇ ਕਿਹਾ ਕਿ ਨਾਗਰਿਕਾਂ ਤੇ ਵਪਾਰੀਆਂ ਨੂੰ ਜਲਦੀ ਹੀ ਘਾਟੇ ਦਾ ਕਲੇਮ ਕਰਨ ਲਈ ਫਾਰਮ ਵੀ ਦਿੱਤੇ ਜਾਣਗੇ।

ਐਤਵਾਰ ਦੁਪਹਿਰ ਸਮੇਂ ਵੈਨਿਸ 'ਚ 150 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠੀਆਂ। ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਸੋਮਵਾਰ ਤੇ ਮੰਗਲਵਾਰ ਨੂੰ 110 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਤੇ ਅਗਲੇ ਕੁੱਝ ਦਿਨਾਂ ਤਕ ਅਜਿਹਾ ਹੀ ਰਹੇਗਾ।

ਲੁਇਗੀ ਨੇ ਹੜ੍ਹ ਨਾਲ ਭਰੀਆਂ ਗਲੀਆਂ 'ਚ ਜਾ ਕੇ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਾਉਣ ਦੀ ਜ਼ਰੂਰਤ ਹੈ ਕਿ ਪੂਰੀ ਦੁਨੀਆ ਜਲਵਾਯੂ ਪਰਿਵਰਤਨ ਕਾਰਨ ਜੂਝ ਰਹੀ ਹੈ। ਇਹ ਹੜ੍ਹ ਵੀ ਇਸੇ ਦੀ ਉਦਾਹਰਣ ਹਨ, ਇਸੇ ਲਈ ਸਭ ਨੂੰ ਜਲਵਾਯੂ ਬਚਾਉਣ ਲਈ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ 12 ਨਵੰਬਰ ਤੋਂ ਵੈਨਿਸ ਹੜ੍ਹ ਦੀ ਮਾਰ ਝੱਲ ਰਿਹਾ ਹੈ ਤੇ ਦੇਸ਼ ਦੀਆਂ ਕਈ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।


Related News