ਹੜ੍ਹ ਨਾਲ ਪ੍ਰਭਾਵਿਤ ਨੇਪਾਲ ਨੂੰ ਪਾਕਿ ਨੇ ਦਿੱਤਾ 10 ਲੱਖ ਅਮਰੀਕੀ ਡਾਲਰ ਦਾ ਚੈੱਕ
Saturday, Oct 28, 2017 - 10:16 AM (IST)
ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਨੇ ਅਗਸਤ ਵਿਚ ਨੇਪਾਲ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 60 ਲੱਖ ਤੋਂ ਜ਼ਿਆਦਾ ਲੋਕਾਂ ਦੇ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਪੁਨਰਨਿਰਮਾਣ ਕੋਸ਼ਿਸ਼ਾਂ ਵਿਚ ਮਦਦ ਲਈ 10 ਲੱਖ ਅਮਰੀਕੀ ਡਾਲਰ ਦਿੱਤੇ ਹਨ। ਵਿਦੇਸ਼ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਦੇਸ਼ ਦਫਤਰ (ਐਫ. ਓ.) ਨੇ ਇਕ ਬਿਆਨ ਵਿਚ ਦੱਸਿਆ ਕਿ ਨੇਪਾਲ ਵਿਚ ਪਾਕਿਸਤਾਨ ਦੇ ਰਾਜਦੂਤ ਮਜ਼ਹਰ ਜਾਵੇਦ ਨੇ ਨੇਪਾਲੀ ਲੋਕਾਂ ਅਤੇ ਸਰਕਾਰ ਨਾਲ ਇਕ ਜੁੱਟਤਾ ਦਿਖਾਉਂਦੇ ਹੋਏ ਨੇਪਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ 10 ਲੱਖ ਅਮਰੀਕੀ ਡਾਲਰ ਦਾ ਇਕ ਚੈੱਕ ਸੌਂਪਿਆ। ਐਫ. ਓ ਨੇ ਕਿਹਾ, ਆਫਤ ਨਾਲ ਪ੍ਰਭਾਵਿਤ ਆਪਣੇ ਨੇਪਾਲੀ ਭਰਾਵਾਂ ਅਤੇ ਭੈਣਾਂ ਲਈ ਪਾਕਿਸਤਾਨ ਸਰਕਾਰ ਅਤੇ ਲੋਕਾਂ ਵੱਲੋਂ ਇਹ ਸਹਿਯੋਗ ਹੈ। ਉਨ੍ਹਾਂ ਕਿਹਾ, ਨੇਪਾਲ ਸਾਡਾ ਹਮਸਾਇਆ ਅਤੇ ਇਕ ਕਰੀਬੀ ਮਿੱਤਰ ਹੈ ਅਤੇ ਉਹ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦਾ ਇਕ ਮੈਂਬਰ ਹੈ।'
ਧਿਆਨਦੇਣ ਯੋਗ ਹੈ ਕਿ ਨੇਪਾਲ ਵਿਚ ਅਗਸਤ ਵਿਚ ਮੀਂਹ ਤੋਂ ਬਾਅਦ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 120 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲਾਪਤਾ ਹੋਏ ਸਨ। ਸਰਕਾਰ ਨੇ ਕਿਹਾ ਸੀ ਕਿ ਇਸ ਆਫਤ ਵਿਚ 2,847 ਮਕਾਨ ਪੂਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋਏ ਸਨ, ਜਿਸ ਨਾਲ ਦੇਸ਼ ਭਰ ਵਿਚ 60 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ।
