ਮਲਿੰਡੋ ਏਅਰ ਵਲੋਂ ਐਡੀਲੇਡ ਤੋਂ ਅੰਮ੍ਰਿਤਸਰ ਲਈ ਹਵਾਈ ਸੇਵਾ ਸ਼ੁਰੂ

04/25/2019 9:07:30 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਅਤੇ ਪੰਜਾਬ ਵਿਚਾਲੇ ਹਵਾਈ ਯਾਤਰਾ ਲਗਾਤਾਰ ਵਧੇਰੇ ਸੁਵਿਧਾਜਨਕ ਹੋ ਰਹੀ ਹੈ। ਇਕ ਪਾਸੇ ਜਿੱਥੇ ਭਾਰਤ ਦੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਪੰਜਾਬ ਨੂੰ ਸਿੱਧਾ ਵਿਦੇਸ਼ੀ ਮੁਲਕਾਂ ਨਾਲ ਜੋੜਣ ਦੀ ਬਜਾਏ ਦਿੱਲੀ ਰਾਹੀਂ ਜਾਣ ਲਈ ਮਜਬੂਰ ਕਰਦੀ ਰਹੀ ਹੈ। ਇਸ ਦੇ ਉਲਟ ਵਿਦੇਸ਼ੀ ਹਵਾਈ ਕੰਪਨੀਆਂ ਪੰਜਾਬ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਮੰਗ ਰਹੀਆਂ ਹਨ।

ਮਲੇਸ਼ੀਆ ਦੀ ਏਅਰ ਏਸ਼ੀਆ ਐਕਸ, ਮਲਿੰਡੋ ਅਤੇ ਸਿੰਗਾਪੁਰ ਦੀ ਸਕੂਟ ਇੱਥੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਲਾ ਰਹੀਆਂ ਹਨ। ਇਹ ਹਵਾਈ ਕੰਪਨੀਆਂ ਪੰਜਾਬ ਨੂੰ ਕੁਆਲਾਲੰਪੁਰ ਅਤੇ ਸਿੰਗਾਪੁਰ ਰਾਹੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਗੋਲਡ ਕੋਸਟ ਸਮੇਤ ਹੋਰਨਾਂ ਕਈ ਦੱਖਣੀ-ਏਸ਼ੀਆਂ ਦੇ ਮੁਲਕਾਂ ਨਾਲ ਜੋੜਦੀਆਂ ਹਨ। ਇਸ ਸੂਚੀ ਵਿਚ ਹੁਣ ਆਸਟ੍ਰੇਲੀਆਂ ਦਾ ਸ਼ਹਿਰ ਐਡੀਲੇਡ ਵੀ ਸ਼ਾਮਲ ਹੋ ਗਿਆ ਹੈ ਅਤੇ ਪੰਜਾਬ ਲਈ ਯਾਤਰੀ ਦਿੱਲੀ ਆਉਣ ਦੀ ਬਜਾਏ ਕੁਆਲਾਲੰਪੁਰ ਰਾਹੀਂ ਸਿਰਫ 18 ਘੰਟਿਆਂ ਵਿਚ ਅੰਮ੍ਰਿਤਸਰ ਪਹੁੰਚ ਸਕਣਗੇ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਮਲੇਸ਼ੀਆ ਦੀ ਮਲਿੰਡੋ ਏਅਰ ਵਲੋਂ 16 ਅਪ੍ਰੈਲ ਤੋਂ ਕੁਆਲਾਲੰਪੁਰ-ਐਡੀਲੇਡ ਉਡਾਣ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਕੁਆਲਾਲੰਪੁਰ-ਅੰਮ੍ਰਿਤਸਰ ਉਡਾਣ ਨਾਲ ਵੀ ਜੋੜਿਆ ਗਿਆ ਹੈ। ਮਲਿੰਡੋ ਏਅਰ ਦੀ ਵੈਬਸਾਈਟ ਅਨੁਸਾਰ ਐਡੀਲੇਡ ਤੋਂ ਅੰਮ੍ਰਿਤਸਰ ਉਡਾਣ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਵਾਲੇ ਦਿਨ ਉਪਲੱਬਧ ਹੋਵੇਗੀ। ਇਹ ਉਡਾਣ ਐਡੀਲੇਡ ਤੋਂ ਸਵੇਰੇ 7:40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3:50 ਵਜੇ ਕੁਆਲਾਲੰਪੁਰ ਪਹੁੰਚੇਗੀ। ਅੰਮ੍ਰਿਤਸਰ ਲਈ ਸਿਰਫ 2 ਘੰਟੇ 25 ਮਿੰਟ ਬਾਅਦ ਇਹ ਕੁਆਲਾਲੰਪੁਰ ਤੋਂ ਸ਼ਾਮ 6:15 ਵਜੇ ਉਡਾਣ ਭਰੇਗੀ ਅਤੇ ਰਾਤ 9:40 ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਪਹੁੰਚ ਜਾਵੇਗੀ। ਇਸ ਦਾ ਕੁੱਲ ਸਮਾਂ ਸਿਰਫ 18 ਘੰਟੇ ਤੇ 20 ਮਿੰਟ ਹੋਵੇਗਾ। ਬੋਇੰਗ ਕੰਪਨੀ ਦਾ 737-ਮੈਕਸ ਜਹਾਜ਼ ਐਡੀਲੇਡ ਤੋਂ ਕੁਆਲਾਲੰਪੁਰ ਲਈ ਉਡਾਣ ਭਰਕੇ ਰਸਤੇ ਵਿਚ ਇੰਡੋਨੇਸ਼ੀਆ ਦੇ ਬਹੁਤ ਮਸ਼ਹੂਰ ਸੈਲਾਨੀਆਂ ਵਾਲੇ ਸ਼ਹਿਰ ਬਾਲੀ ਵਿਖੇ ਤੇਲ ਭਰਾਉਣ ਵਾਸਤੇ ਇਕ ਘੰਟੇ ਲਈ ਰੁਕੇਗਾ।

ਇਸੇ ਤਰ੍ਹਾਂ ਅੰਮ੍ਰਿਤਸਰ-ਐਡੀਲੇਡ ਦੀ ਉਡਾਣ ਹਫਤੇ ਵਿਚ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਰਾਤ ਨੂੰ 10:30 ਵਜੇ ਉਡਾਣ ਭਰੇਗੀ ਤੇ ਸਵੇਰੇ 6:50 ਵਜੇ ਕੁਆਲਾਲੰਪੁਰ ਪਹੁੰਚ ਕੇ ਯਾਤਰੀ ਤਕਰੀਬਨ 10 ਘੰਟੇ ਬਾਅਦ ਅਗਲੀ ਉਡਾਣ ਸ਼ਾਮ ਨੂੰ 4:55 'ਤੇ ਰਵਾਨਾ ਹੋ ਕੇ ਬਾਲੀ ਰਾਹੀਂ ਸਵੇਰੇ 6:40 ਤੇ ਐਡੀਲੇਡ ਪੁੱਜ ਜਾਵੇਗੀ। ਵਾਪਸੀ ਦੌਰਾਨ ਇਸ ਦਾ ਕੁੱਲ ਸਮਾਂ 27 ਘੰਟੇ ਤੇ 20 ਮਿੰਟ ਦਾ ਹੋਵੇਗਾ। ਯਾਤਰੀ ਸੈਲਾਨੀਆਂ ਵਾਲੇ ਮਸ਼ਹੂਰ ਸ਼ਹਿਰ ਬਾਲੀ ਵੀ ਰੁੱਕ ਸਕਦੇ ਹਨ ਤੇ ਇੱਥੇ ਘੁੰਮਣ ਫਿਰਨ ਲਈ ਏਅਰਪੋਰਟ 'ਤੇ ਹੀ ਮੌਕੇ 'ਤੇ ਮੁਫਤ ਵੀਜ਼ਾ ਦੇ ਦਿੱਤਾ ਜਾਂਦਾ ਹੈ। ਮਲਿੰਡੋ ਏਅਰ ਅੰਮ੍ਰਿਤਸਰ ਨੂੰ ਮੈਲਬੋਰਨ, ਬ੍ਰਿਸਬੇਨ ਅਤੇ ਪਰਥ ਨੂੰ ਕੁਆਲਾਲੰਪੁਰ ਰਾਹੀਂ ਵੀ ਜੋੜਦਾ ਹੈ।

ਗੁਮਟਾਲਾ ਨੇ ਦੱਸਿਆ ਕਿ ਪੰਜਾਬੀਆਂ ਕੋਲ ਆਸਟਰੇਲੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਲਈ ਹੁਣ ਪਹਿਲਾਂ ਨਾਲੋ ਬਹੁਤ ਜਿਆਦਾ ਵਿਕਲਪ ਹਨ। ਸਿੰਗਾਪੁਰ ਏਅਰਲਾਈਨ ਦੀ ਘੱਟ ਕਿਰਾਏ ਦੀ ਫਲਾਈ ਸਕੂਟ ਅਤੇ ਮਲੇਸ਼ੀਆ ਦੀ ਏਅਰ ਏਸ਼ੀਆ ਐਕਸ ਵੀ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਨੂੰ ਜੋੜਦੀਆਂ ਹਨ। ਮੈਲਬੌਰਨ, ਸਿਡਨੀ, ਬ੍ਰਿਸਬੇਨ ਲਈ ਸਕੂਟ ਅਤੇ ਉਸਦੀ ਭਾਈਵਾਲ ਸਿੰਗਾਪੁਰ ਏਅਰ ਦੀਆਂ ਉਡਾਨਾਂ ਉਪਲੱਬਧ ਹਨ। ਏਅਰ ਏਸ਼ੀਆ ਐਕਸ ਨੇ ਵੀ ਹਾਂਗਕਾਂਗ, ਬੈਂਕਾਕ, ਮਾਨਿਲਾ ਸਮੇਤ 40 ਤੋਂ ਵੱਧ ਸ਼ਹਿਰਾਂ ਨੂੰ ਅੰਮ੍ਰਿਤਸਰ ਨਾਲ ਜੋੜਿਆ ਹੈ।

ਗੁਮਟਾਲਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ  ਤੋਂ ਮੰਗ ਕਰ ਰਹੇ ਹਾਂ ਕਿ ਇਨ੍ਹਾਂ ਉਡਾਣਾਂ 'ਤੇ ਖੁਸ਼ਕ ਅਤੇ ਨਾਸ਼ਵਾਨ ਕਾਰਗੋ ਦੀ ਸ਼ੁਰੂਆਤ ਕਰਨ ਵਿਚ ਸਹੂਲਤ ਕਰਨ ਤਾਂ ਜੋ ਥੋੜੇ ਸਮੇਂ ਵਿਚ ਇਹ ਕਾਰਗੋ ਬਾਹਰਲੇ ਮੁਲਕਾਂ ਨੂੰ ਪਹੁੰਚ ਸਕੇ ਤਾਂ ਜੋ  ਇਸ ਨਾਲ ਕਿਸਾਨਾਂ ਨੂੰ ਆਪਣੀ ਸਬਜੀਆਂ ਅਤੇ ਫਲਾਂ ਦੀ ਫਸਲ ਦੀ ਚੰਗੀ ਕੀਮਤ ਮਿਲ ਸਕੇ।


Related News