ਨਿੱਝਰ ਕਤਲਕਾਂਡ : ਭਾਰਤ ਖ਼ਿਲਾਫ਼ ਕੈਨੇਡਾ ਦੇ ਦਾਅਵਿਆਂ 'ਤੇ ਫਾਈਵ-ਆਈਜ਼ ਪਾਰਟਨਰ ਨੇ ਜਤਾਇਆ ਸ਼ੱਕ

Wednesday, Mar 13, 2024 - 10:26 AM (IST)

ਨਿੱਝਰ ਕਤਲਕਾਂਡ : ਭਾਰਤ ਖ਼ਿਲਾਫ਼ ਕੈਨੇਡਾ ਦੇ ਦਾਅਵਿਆਂ 'ਤੇ ਫਾਈਵ-ਆਈਜ਼ ਪਾਰਟਨਰ ਨੇ ਜਤਾਇਆ ਸ਼ੱਕ

ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਨੇ ਕੈਨੇਡਾ ਦੇ ਇਸ ਦਾਅਵੇ 'ਤੇ ਸ਼ੱਕ ਪ੍ਰਗਟਾਇਆ ਹੈ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤ ਦਾ ਹੱਥ ਹੈ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਫਾਈਵ-ਆਈਜ਼ ਨਾਮਕ ਖੁਫੀਆ ਗਠਜੋੜ ਦਾ ਮੈਂਬਰ ਹੈ। ਨਿਊਜ਼ੀਲੈਂਡ ਤੋਂ ਇਲਾਵਾ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਇਸਦੇ ਹੋਰ ਮੈਂਬਰ ਹਨ। ਦੱਸਿਆ ਜਾ ਰਿਹਾ ਹੈ ਕਿ ਨਿੱਝਰ ਮਾਮਲੇ ਨੂੰ ਲੈ ਕੇ ਨਿਊਜ਼ੀਲੈਂਡ ਨੂੰ ਕੈਨੇਡਾ ਤੋਂ ਕੁਝ ਖੁਫੀਆ ਜਾਣਕਾਰੀ ਮਿਲੀ ਹੈ। ਪਰ ਨਿਊਜ਼ੀਲੈਂਡ ਨੂੰ ਉਸ 'ਤੇ ਭਰੋਸਾ ਨਹੀਂ ਹੈ।

ਨਿਊਜ਼ੀਲੈਂਡ ਨੇ ਕੈਨੇਡਾ ਦੇ ਸਬੂਤਾਂ 'ਤੇ ਕਹੀਆਂ ਇਹ ਗੱਲਾਂ

'ਦਿ ਇੰਡੀਅਨ ਐਕਸਪ੍ਰੈਸ' ਨੂੰ ਦਿੱਤੀ ਇੰਟਰਵਿਊ 'ਚ ਪੀਟਰਸ ਨੇ ਕੈਨੇਡਾ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ 'ਤੇ ਸ਼ੱਕ ਪ੍ਰਗਟਾਇਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਨਿਊਜ਼ੀਲੈਂਡ ਨੇ ਭਾਰਤ ਨੂੰ ਆਪਣੇ ਸਟੈਂਡ ਦੀ ਜਾਣਕਾਰੀ ਦਿੱਤੀ ਹੈ? ਇਸ 'ਤੇ ਪੀਟਰਸ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹੈਂਡਲ ਕਰਨ ਵਾਲਿਆਂ ਵਿਚ ਸ਼ਾਮਲ ਨਹੀਂ ਸਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਅਧਿਕਾਰੀ ਇਸ ਮਾਮਲੇ ਨੂੰ ਦੇਖ ਰਹੇ ਹਨ। ਪੀਟਰਸ ਭਾਰਤ ਦੇ ਅਧਿਕਾਰਤ ਦੌਰੇ 'ਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ ਤੁਰੰਤ ਖ਼ਤਮ ਕਰਨ ਦੀ ਮੰਗ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਕੈਨੇਡਾ ਤੋਂ ਸਬੂਤਾਂ ਦੀ ਮੰਗ

ਪੀਟਰਸ ਨੇ ਕਿਹਾ, "ਦੇਖੋ, ਮੈਂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਨਹੀਂ ਸੀ। ਇਹ ਮਾਮਲਾ ਪਿਛਲੀ ਸਰਕਾਰ ਦੁਆਰਾ ਹੈਂਡਲ ਕੀਤਾ ਗਿਆ ਸੀ। ਪਰ ਦੇਖੋ ਕਈ ਵਾਰ ਜਦੋਂ ਤੁਸੀਂ ਫਾਈਵ-ਆਈਜ਼ ਤੋਂ ਜਾਣਕਾਰੀ ਸੁਣ ਰਹੇ ਹੁੰਦੇ ਹੋ, ਤਾਂ ਤੁਸੀਂ ਇਹ ਸੁਣਦੇ ਹੋ, ਤੁਸੀਂ ਕੁਝ ਨਹੀਂ ਕਹਿੰਦੇ ਹੋ। ਇਹ (ਜਾਣਕਾਰੀ) ਤੁਹਾਡੇ ਤੋਂ ਹੋ ਕੇ ਅੱਗੇ ਵੱਧ ਜਾਂਦੀ ਹੈ। ਤੁਸੀਂ ਨਹੀਂ ਜਾਣਦੇ ਕਿ ਇਸਦੀ ਕੀਮਤ ਕੀ ਹੈ ਅਤੇ ਇਹ ਕਿੰਨੀ ਸਹੀ ਹੈ। ਪਰ ਤੁਸੀਂ ਇਸ ਨੂੰ ਪ੍ਰਾਪਤ ਕਰਕੇ ਯਕੀਨਨ ਖੁਸ਼ ਹੋ। ਤੁਸੀਂ ਨਹੀਂ ਜਾਣਦੇ ਕਿ ਇਹ ਜਾਣਕਾਰੀ ਕਾਫ਼ੀ ਹੈ ਜਾਂ ਨਹੀਂ। ਪਰ ਬਹੁਤ ਮਹੱਤਵਪੂਰਨ ਜਾਣਕਾਰੀ ਜੋ ਕਿ ਮਾਮਲੇ... ਮੁੱਖ ਤੌਰ 'ਤੇ ਪਿਛਲੀ ਸਰਕਾਰ ਦੁਆਰਾ ਹੈਂਡਲ ਕੀਤਾ ਗਿਆ ਸੀ। ਉਸ ਨੇ ਕਿਹਾ, "ਇੱਕ ਸਿੱਖਿਅਤ ਵਕੀਲ ਹੋਣ ਦੇ ਨਾਤੇ, ਮੈਨੂੰ ਚੰਗੀ ਸਮਝ ਹੈ। ਇਸ ਲਈ ਮੈਂ ਪੁੱਛਦਾ ਹਾਂ ਕਿ ਕੇਸ ਕਿੱਥੇ ਹੈ? ਸਬੂਤ ਕਿੱਥੇ ਹੈ? ਤੁਸੀਂ ਹੁਣ ਤੱਕ ਜੋ ਕੁਝ ਲੱਭਿਆ ਹੈ, ਮੈਂ ਅਜਿਹਾ ਕੁਝ ਨਹੀਂ ਦੇਖਿਆ ਹੈ।" ਤੁਹਾਨੂੰ ਦੱਸ ਦੇਈਏ ਕਿ ਨਿੱਝਰ ਕੇਸ ਸਬੰਧੀ ਕੈਨੇਡਾ ਦੇ ਦਾਅਵਿਆਂ 'ਤੇ ਫਾਈਵ-ਆਈਜ਼ ਪਾਰਟਨਰ ਵੱਲੋਂ ਖੁੱਲ੍ਹ ਕੇ ਸਵਾਲ ਕੀਤੇ ਜਾਣ ਦੀ ਇਹ ਪਹਿਲੀ ਮਿਸਾਲ ਹੈ।

ਟਰੂਡੋ ਨੇ ਭਾਰਤ ਨੂੰ ਠਹਿਰਾਇਆ ਸੀ ਦੋਸ਼ੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ 'ਚ ਆਪਣੇ ਦੇਸ਼ ਦੀ ਸੰਸਦ 'ਚ ਭਾਰਤ 'ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਨੇ ਹਾਊਸ ਆਫ ਕਾਮਨ 'ਚ ਕਿਹਾ ਸੀ ਕਿ 18 ਜੂਨ ਨੂੰ ਸਰੀ ਸ਼ਹਿਰ 'ਚ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਵੱਖਵਾਦੀ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News