ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਨਸਲੀ ਦੁਰਵਿਵਹਾਰ ਮਾਮਲੇ 'ਚ ਪੰਜ ਗ੍ਰਿਫ਼ਤਾਰ
Friday, Jul 16, 2021 - 11:12 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰੋ 2020 ਦੇ ਫਾਈਨਲ ਤੋਂ ਬਾਅਦ ਇੰਗਲੈਂਡ ਟੀਮ ਕਾਲੇ ਮੂਲ ਦੇ ਖਿਡਾਰੀਆਂ ਸਬੰਧੀ ਨਸਲੀ ਪੋਸਟਾਂ ਦੀ ਜਾਂਚ ਦੇ ਨਤੀਜੇ ਵਜੋਂ ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਐਪਲੀਕੇਸ਼ਨਜ਼ ਵੀ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਯੂਰੋ ਟੂਰਨਾਮੈਂਟ ਦੇ ਫਾਈਨਲ ਵਿੱਚ ਇਟਲੀ ਖ਼ਿਲਾਫ਼ ਟੀਮ ਦੀ ਹਾਰ ਤੋਂ ਬਾਅਦ ਕੁਝ ਕਾਲੇ ਮੂਲ ਦੇ ਖਿਡਾਰੀਆਂ ‘ਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਸਮੇਤ ਸ਼ੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਸਲੀ ਕੁਮੈਂਟ ਕੀਤੇ ਗਏ ਸਨ।
ਇਸ ਮਾਮਲੇ ਵਿੱਚ ਯੂਕੇ ਫੁੱਟਬਾਲ ਪੁਲਿਸਿੰਗ ਯੂਨਿਟ (ਯੂਕੇ ਐੱਫ ਪੀ ਯੂ) ਦੁਆਰਾ ਨਫਰਤੀ ਅਪਰਾਧ ਸੰਬੰਧੀ ਜਾਂਚ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਜਾਂਚ ਦੀ ਪ੍ਰਕਿਰਿਆ ਵਿੱਚ ਪੁਲਸ ਵੱਲੋਂ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ਦੀ ਜ਼ਿਆਦਾ ਜਾਣਕਾਰੀ ਲੈਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਅਰਜੀਆਂ ਦਿੱਤੀਆਂ ਗਈਆਂ ਹਨ। ਪੁਲਸ ਅਨੁਸਾਰ ਇਸ ਨਸਲੀ ਜ਼ੁਰਮ ਲਈ ਜੇਕਰ ਕਿਸੇ ਦੀ ਪਛਾਣ ਹੁੰਦੀ ਹੈ ਤਾਂ ਉਸਨੂੰ ਇਸ ਸ਼ਰਮਨਾਕ ਹਰਕਤ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪੜ੍ਹੋ ਇਹ ਅਹਿਮ ਖਬਰ - ਡ੍ਰਾ ਬੰਦ ਹੋਣ ਤੋਂ 10 ਮਿੰਟ ਪਹਿਲਾਂ ਖਰੀਦੀ ਟਿਕਟ ਨੇ ਬਦਲੀ ਕਿਸਮਤ, ਔਰਤ ਬਣੀ ਕਰੋੜਪਤੀ
ਇਹਨਾਂ ਗ੍ਰਿਫਤਾਰੀਆਂ ਸਬੰਧੀ ਪੁਲਸ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ, ਮਾਨਚੈਸਟਰ ਵਿੱਚ ਇੱਕ 37 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਚੀਡਲ ਹੇਥ ਥਾਣੇ ਵਿੱਚ ਪੇਸ਼ ਕੀਤਾ। ਉਸ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਦੋ ਹੋਰ ਵਿਅਕਤੀਆਂ ਨੂੰ ਵੈਸਟ ਮਾਰਸੀਆ ਪੁਲਸ ਨੇ ਵੀ ਗ੍ਰਿਫ਼ਤਾਰ ਕੀਤਾ ਜਿਸ ਵਿੱਚ ਵਰਸੇਸਟਰ ਨੇੜੇ ਪੋਵਿਕ ਦਾ ਇੱਕ 50 ਸਾਲਾ ਵਿਅਕਤੀ ਅਤੇ ਇੱਕ 60 ਸਾਲਾ ਆਦਮੀ ਨੂੰ ਸ਼ੋਰਫਸ਼ਾਇਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਇਲਾਵਾ ਚੈਸ਼ਾਇਰ ਪੁਲਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਰਨਕੋਰਨ ਤੋਂ ਵੀ ਇੱਕ 42 ਸਾਲਾ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲਸ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਜਦੋਂ ਕਿਸੇ ਅਪਰਾਧੀ ਦੇ ਵੇਰਵਿਆਂ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਉਹਨਾਂ ਨੂੰ ਪੜਤਾਲ ਕਰਨ ਲਈ ਸੰਬੰਧਿਤ ਸਥਾਨਕ ਪੁਲਸ ਫੋਰਸ ਨੂੰ ਭੇਜਿਆ ਜਾਂਦਾ ਹੈ ਅਤੇ ਸੀ ਪੀ ਐਸ ਨਾਲ ਮਿਲ ਕੇ ਢੁੱਕਵੀਂ ਕਾਰਵਾਈ ਕੀਤੀ ਜਾਂਦੀ ਹੈ।