ਮਛੇਰੇ ਨੂੰ ਸਮੁੰਦਰ ''ਚ ਮਿਲੀ ''ਚੀਜ਼ਬਰਗਰ'' ਜਿਹੀ ਅਜੀਬੋ-ਗਰੀਬ ''ਮੱਛੀ'', ਤਸਵੀਰ ਵਾਇਰਲ
Friday, Dec 03, 2021 - 11:27 AM (IST)
ਮਾਸਕੋ (ਬਿਊਰੋ): ਸਾਡੀ ਧਰਤੀ 'ਤੇ ਵਿਭਿੰਨ ਕਿਸਮਾਂ ਦੇ ਜੀਵ-ਜੰਤੂ ਪਾਏ ਜਾਂਦੇ ਹਨ। ਹਾਲ ਹੀ ਵਿਚ ਰੂਸ ਦੇ ਇੱਕ ਮਛੇਰੇ ਨੇ ਇੱਕ ਬਹੁਤ ਹੀ ਅਜੀਬ ਸਮੁੰਦਰੀ ਜੀਵ ਦੀ ਖੋਜ ਕੀਤੀ ਹੈ ਜੋ ਬਿਲਕੁਲ 'ਚੀਜ਼ਬਰਗਰ' ਵਰਗਾ ਦਿਖਾਈ ਦਿੰਦਾ ਹੈ। ਰੋਮਨ ਫੇਡੋਰਤਸੋਵ ਮੱਛੀਆਂ ਫੜਨ ਦਾ ਸ਼ੌਕੀਨ ਹੈ ਅਤੇ ਕਈ ਵਾਰ ਉਹ ਪਾਣੀ ਦੀ ਸਤ੍ਹਾ ਤੋਂ 3000 ਫੁੱਟ ਹੇਠਾਂ ਤੱਕ ਮੱਛੀਆਂ ਫੜਦਾ ਹੈ। ਇਸ ਸ਼ੌਂਕ ਵਿਚ ਉਸ ਦਾ ਸਾਹਮਣਾ ਇਕ ਬਹੁਤ ਹੀ ਅਜੀਬ ਸਮੁੰਦਰੀ ਜੀਵ ਨਾਲ ਹੋਇਆ। ਸੋਸ਼ਲ ਮੀਡੀਆ 'ਤੇ ਇਸ ਜੀਵ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਨੂੰ 'ਚੀਜ਼ਬਰਗਰ ਵਿਦ ਟੀਥ' (cheeseburger with teeth) ਦਾ ਨਾਂ ਦਿੱਤਾ।
ਉੱਥੇ ਇਸ ਦੇ ਨਾਲ ਹੀ ਮਿਲੇ ਇਕ ਹੋਰ ਜੀਵ ਦੇਖ ਕੇ ਲੋਕਾਂ ਨੂੰ 'ਜੈਮ ਡੋਨਟ' ਯਾਦ ਆ ਗਿਆ। ਇਹ ਦੋ ਜੀਵ ਫੇਡੋਰਤਸੋਵ ਦੀਆਂ ਅਦਭੁਤ ਅਤੇ ਵਿਸਤ੍ਰਿਤ ਖੋਜਾਂ ਦਾ ਸਿਰਫ ਇਕ ਉਦਾਹਰਣ ਹਨ। ਉਹ ਅਕਸਰ ਏਲੀਅਨਾਂ ਨਾਲ ਮਿਲਦੇ-ਜੁਲਦੇ ਅਜੀਬੋ-ਗਰੀਬ ਜੀਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕਰਦਾ ਰਹਿੰਦਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਫੇਡੋਰਤਸੋਵ ਨੇ ਜ਼ਿਆਦਾਤਰ ਜੀਵ-ਜੰਤੂਆਂ ਦੀ ਖੋਜ ਉੱਤਰੀ ਰੂਸ ਵਿੱਚ ਨਾਰਵੇਈ ਅਤੇ ਬੈਰੇਂਟਸ ਸਮੁੰਦਰਾਂ ਵਿੱਚ ਕੀਤੀ ਪਰ ਅਟਲਾਂਟਿਕ ਦੀ ਡੂੰਘਾਈ ਵਿੱਚ ਉਸ ਨੂੰ ਕੁਝ ਅਜੀਬ ਦਿੱਖ ਵਾਲੇ ਜਾਨਵਰ ਵੀ ਮਿਲੇ ਹਨ।
ਪੜ੍ਹੋ ਇਹ ਅਹਿਮ ਖਬਰ- ਅਗਲੇ ਵਰ੍ਹੇ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਮਦਦ ਦੀ ਹੋਵੇਗੀ ਲੋੜ : ਸੰਯੁਕਤ ਰਾਸ਼ਟਰ
ਤਸਵੀਰਾਂ ਦੇਖ ਲੋਕ ਹੋਏ ਹੈਰਾਨ
ਇਹਨਾਂ ਅਜੀਬੋ-ਗਰੀਬ ਜੀਵਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਇੰਸਟਾਗ੍ਰਾਮ ਯੂਜ਼ਰਸ ਸਵਾਲ ਕਰ ਰਹੇ ਹਨ ਕਿ ਇਹ ਚੀਜ਼ਬਰਗਰ ਵਰਗਾ ਜੀਵ ਕੀ ਹੈ। ਇਸ ਪੋਸਟ ਨੂੰ 11,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਇਹ ਮੱਛੀ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ, ਮੈਂ ਸੋਚਿਆ ਕਿ ਇਹ ਖਾਣ ਲਈ ਇੱਕ ਨਵਾਂ ਚਿਕਨ ਸੈਂਡਵਿਚ ਹੈ। ਫੇਡੋਰਤਸੋਵ ਦੀਆਂ ਤਾਜ਼ਾ ਤਸਵੀਰਾਂ ਵਿੱਚ ਇੱਕ ਏਲੀਅਨ-ਸਿਰ ਵਾਲੀ ਮੱਛੀ ਦੇ ਮੂੰਹ ਵਿੱਚੋਂ ਅਜੀਬ ਜਾਲ ਵਰਗੀਆਂ ਚੀਜ਼ਾਂ ਲਟਕਦੀਆਂ ਦੇਖੀਆਂ ਜਾ ਸਕਦੀਆਂ ਹਨ।
ਇਹਨਾਂ ਜੀਵਾਂ ਦੀਆਂ ਤਸਵੀਰਾਂ ਕਾਰਨ ਫੇਡੋਰਤਸੋਵ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਗਏ ਹਨ। ਹਾਲਾਂਕਿ ਜ਼ਿਆਦਾਤਰ ਪ੍ਰਾਣੀਆਂ ਜਿਨ੍ਹਾਂ ਦੀਆਂ ਫੋਟੋਆਂ ਉਹ ਸ਼ੇਅਰ ਕਰਦਾ ਹੈ, ਉਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੈ। ਉਹ ਇਨ੍ਹਾਂ ਮੱਛੀਆਂ ਦੀ ਭਾਲ ਵਿਚ ਦੁਨੀਆ ਭਰ ਵਿਚ ਘੁੰਮਦਾ ਹੈ। ਉਹ ਕਹਿੰਦਾ ਹੈ ਕਿ ਅਜੀਬੋ-ਗਰੀਬ ਜੀਵ-ਜੰਤੂਆਂ ਦੀ ਲੜੀ ਉਸ ਨੂੰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਮਨੁੱਖ ਸਮੁੰਦਰ ਦੀ ਡੂੰਘਾਈ ਬਾਰੇ ਕਿੰਨਾ ਘੱਟ ਜਾਣਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।