ਪਿਤਾ ਦੀ ਗ੍ਰਿਫ਼ਤਾਰੀ ਮਗਰੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦੇ ਪੁੱਤ ਦਾ ਪਹਿਲਾ ਬਿਆਨ

Monday, Jan 05, 2026 - 04:36 PM (IST)

ਪਿਤਾ ਦੀ ਗ੍ਰਿਫ਼ਤਾਰੀ ਮਗਰੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦੇ ਪੁੱਤ ਦਾ ਪਹਿਲਾ ਬਿਆਨ

ਇੰਟਰਨੈਸ਼ਨਲ ਡੈਸਕ : ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਪਿਛਲੇ ਤਿੰਨ ਦਿਨਾਂ ਤੋਂ ਅਮਰੀਕਾ ਦੀ ਹਿਰਾਸਤ ਵਿੱਚ ਹਨ, ਜਿਸ ਤੋਂ ਬਾਅਦ ਵੈਨੇਜ਼ੁਏਲਾ ਦੀ ਰਾਜਨੀਤੀ ਵਿੱਚ ਹੜਕੰਪ ਮਚਿਆ ਹੋਇਆ ਹੈ। ਇਸ ਪੂਰੇ ਘਟਨਾਕ੍ਰਮ 'ਤੇ ਹੁਣ ਮਾਦੁਰੋ ਦੇ ਪੁੱਤਰ ਨਿਕੋਲਸ ਮਾਦੁਰੋ ਗੁਏਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੁਏਰਾ ਨੇ ਅਮਰੀਕਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਆਪਣੀ ਮਨਮਾਨੀ ਨਹੀਂ ਕਰ ਸਕੇਗਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਆਡੀਓ ਸੰਦੇਸ਼ ਵਿੱਚ ਗੁਏਰਾ ਨੇ ਬੇਹੱਦ ਗੁੱਸੇ ਵਿੱਚ ਕਿਹਾ, "ਇਤਿਹਾਸ ਦੱਸੇਗਾ ਕਿ ਗੱਦਾਰ ਕੌਣ ਸਨ, ਇਤਿਹਾਸ ਇਸ ਦਾ ਖੁਲਾਸਾ ਕਰੇਗਾ"। ਉਸਨੇ ਦੋਸ਼ ਲਗਾਇਆ ਕਿ ਵੈਨੇਜ਼ੁਏਲਾ ਨੂੰ ਕੁਝ ਲੋਕਾਂ ਨੇ ਧੋਖਾ ਦਿੱਤਾ ਹੈ ਅਤੇ ਆਉਣ ਵਾਲਾ ਸਮਾਂ ਉਨ੍ਹਾਂ ਦੇ ਚਿਹਰਿਆਂ ਨੂੰ ਬੇਨਕਾਬ ਕਰਕੇ ਇਨਸਾਫ਼ ਕਰੇਗਾ। ਉਸਨੇ ਇਸ ਪੂਰੀ ਘਟਨਾ ਨੂੰ ਇੱਕ 'ਬਾਹਰੀ ਹਮਲਾ' ਕਰਾਰ ਦਿੱਤਾ ਹੈ। ਆਪਣੇ ਭਾਵੁਕ ਸੰਦੇਸ਼ ਵਿੱਚ ਗੁਏਰਾ ਨੇ ਕਿਹਾ ਕਿ ਭਾਵੇਂ ਉਹ ਇਸ ਸਮੇਂ ਦੁਖੀ ਅਤੇ ਗੁੱਸੇ ਵਿੱਚ ਹਨ, ਪਰ ਉਹ ਕਮਜ਼ੋਰ ਨਹੀਂ ਪੈਣਗੇ। ਉਸਨੇ ਆਪਣੀ ਜਿੰਦਗੀ ਅਤੇ ਆਪਣੀ ਮਾਂ (ਸਿਲੀਆ ਫਲੋਰੇਸ) ਦੀ ਕਸਮ ਖਾਂਦਿਆਂ ਕਿਹਾ ਕਿ ਅਮਰੀਕਾ ਆਪਣੇ ਮਕਸਦ ਵਿੱਚ ਸਫਲ ਨਹੀਂ ਹੋਵੇਗਾ। ਉਸਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਅੰਦੋਲਨਾਂ ਵਿੱਚ ਹਿੱਸਾ ਲੈਣ ਤਾਂ ਜੋ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਕੌਣ ਹੈ 'ਦਿ ਪ੍ਰਿੰਸ' ਗੁਏਰਾ?
 35 ਸਾਲਾ ਨਿਕੋਲਸ ਮਾਦੁਰੋ ਗੁਏਰਾ, ਜਿਸਨੂੰ ਵੈਨੇਜ਼ੁਏਲਾ ਵਿੱਚ "ਦਿ ਪ੍ਰਿੰਸ" ਵਜੋਂ ਜਾਣਿਆ ਜਾਂਦਾ ਹੈ, ਆਪਣੇ ਪਿਤਾ ਦੀ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ 'ਤੇ ਰਿਹਾ ਹੈ। ਹਾਲਾਂਕਿ, ਅਮਰੀਕੀ ਫੈਡਰਲ ਪ੍ਰੌਸੀਕਿਊਟਰਾਂ ਨੇ ਉਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਦਸਤਾਵੇਜ਼ਾਂ ਅਨੁਸਾਰ, ਗੁਏਰਾ ਨੂੰ ਇੱਕ ਵੱਡੇ ਡਰੱਗ ਨੈਟਵਰਕ ਦਾ ਸਰਗਨਾ ਦੱਸਿਆ ਗਿਆ ਹੈ, ਜਿਸਨੇ ਕਥਿਤ ਤੌਰ 'ਤੇ ਵੈਨੇਜ਼ੁਏਲਾ ਤੋਂ ਅਮਰੀਕਾ ਤੱਕ ਕੋਕੀਨ ਪਹੁੰਚਾਉਣ ਲਈ ਸਰਕਾਰੀ ਅਤੇ ਫੌਜੀ ਪ੍ਰਭਾਵ ਦੀ ਵਰਤੋਂ ਕੀਤੀ। ਜ਼ਿਕਰਯੋਗ ਹੈ ਕਿ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੇਸ ਇਸ ਸਮੇਂ ਅਮਰੀਕਾ ਵਿੱਚ ਹਿਰਾਸਤ ਵਿੱਚ ਹਨ। ਮਾਦੁਰੋ 'ਤੇ ਅਮਰੀਕਾ ਨੇ "ਨਾਰਕੋ-ਟੈਰਰਿਜ਼ਮ ਅਤੇ ਡਰੱਗਜ਼ ਤਸਕਰੀ ਦੀ ਸਾਜ਼ਿਸ਼" ਦੇ ਇਲਜ਼ਾਮ ਲਗਾਏ ਹਨ, ਜਿਸ ਕਾਰਨ ਉਨ੍ਹਾਂ ਨੂੰ ਨਿਊਯਾਰਕ ਦੀ ਇੱਕ ਫੈਡਰਲ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News