ਸਿੰਗਾਪੁਰ ’ਚ ਓਮੀਕਰੋਨ ਨਾਲ ਪਹਿਲੀ ਮੌਤ
Saturday, Jan 22, 2022 - 05:39 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਨਫੈਕਸ਼ਨ ਕਾਰਨ 92 ਸਾਲਾ ਔਰਤ ਦੀ ਮੌਤ ਹੋ ਗਈ ਹੈ। ਔਰਤ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਔਰਤ ਦੀ ਮੌਤ 20 ਜਨਵਰੀ ਨੂੰ ਹੋਈ ਸੀ। 10 ਦਿਨ ਪਹਿਲਾਂ ਪਰਿਵਾਰ ਦੇ ਇਕ ਮੈਂਬਰ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਸੰਕਰਮਿਤ ਪਾਈ ਗਈ ਸੀ।
ਸਿਹਤ ਮੰਤਰਾਲਾ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ, ‘ਜਾਂਚ ਕਰਨ ’ਤੇ ਡਾਕਟਰਾਂ ਨੇ ਸਿੱਟਾ ਕੱਢਿਆ ਹੈ ਕਿ ਉਸ ਦੀ ਮੌਤ ਓਮੀਕਰੋਨ ਨਾਲ ਹੋਈ ਹੈ।’ ਮੰਤਰਾਲਾ ਨੇ ਕਿਹਾ ਕਿ ਔਰਤ ਨੂੰ ਟੀਕਾਕਰਨ ਨਹੀਂ ਕੀਤਾ ਗਿਆ ਸੀ ਅਤੇ ਉਸ ਦਾ ਕੋਈ ਮੈਡੀਕਲ ਇਤਿਹਾਸ ਨਹੀਂ ਸੀ। ਇਸ ਦੌਰਾਨ ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ ਕੋਵਿਡ ਦੇ 3,155 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 307,813 ਹੋ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 846 ਹੋ ਗਈ ਹੈ।