ਇਜ਼ਰਾਈਲ ''ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

Sunday, May 22, 2022 - 02:29 PM (IST)

ਇਜ਼ਰਾਈਲ ''ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਤੇਲ ਅਵੀਵ (ਏਜੰਸੀ): ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਦੇਸ਼ ਤੋਂ ਪਰਤਣ ਵਾਲੇ ਇੱਕ ਵਿਅਕਤੀ ਦੇ ਮੰਕੀਪੌਕਸ ਨਾਲ ਸੰਕ੍ਰਮਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਤੇ ਉਹ ਹੋਰ ਸ਼ੱਕੀ ਮਰੀਜ਼ਾਂ ਦੀ ਭਾਲ ਵਿਚ ਜੁਟੇ ਹੋਏ ਹਨ। ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਤੇਲ ਅਵੀਵ ਦੇ ਇੱਕ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਹਾਲਤ ਠੀਕ ਹੈ। ਮੰਤਰਾਲੇ ਨੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ ਹੁੰਦਾ ਹੈ ਅਤੇ ਦਾਣੇ ਨਿਕਲਦੇ ਹਨ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ। 

ਸਿਹਤ ਮੰਤਰਾਲੇ ਵਿਚ ਜਨਤਕ ਸਿਹਤ ਸੇਵਾਵਾਂ ਦੇ ਮੁਖੀ ਸ਼ੈਰਨ ਐਲਰੋ-ਪ੍ਰੀਸ ਨੇ ਐਤਵਾਰ ਨੂੰ ਇਜ਼ਰਾਈਲੀ ਆਰਮੀ ਰੇਡੀਓ ਨੂੰ ਦੱਸਿਆ ਕਿ ਮੈਡੀਕਲ ਟੀਮਾਂ ਹੋਰ ਸ਼ੱਕੀ ਮੰਕੀਪੌਕਸ ਮਰੀਜ਼ਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ। ਇਜ਼ਰਾਈਲ ਵਿੱਚ ਮੰਕੀਪੌਕਸ ਦਾ ਇਹ ਮਾਮਲਾ ਪੱਛਮੀ ਏਸ਼ੀਆ ਵਿੱਚ ਇਸ ਲਾਗ ਦਾ ਪਹਿਲਾ ਜਾਣਿਆ ਜਾਣ ਵਾਲਾ ਮਾਮਲਾ ਦੱਸਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਦੁਨੀਆ ਭਰ ਵਿੱਚ ਮੰਕੀਪੌਕਸ ਦੀ ਲਾਗ ਦੇ ਲਗਭਗ 80 ਪੁਸ਼ਟੀ ਕੀਤੇ ਕੇਸਾਂ ਅਤੇ ਲਗਭਗ 50 ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਿਆਨਕ ਹਾਦਸੇ 'ਚ ਨੌਜਵਾਨ ਨੇ ਗੁਆਇਆ ਅੱਧਾ ਸਰੀਰ, 2 ਸਾਲ ਤੋਂ ਇੰਝ ਜੀਅ ਰਿਹੈ ਜ਼ਿੰਦਗੀ (ਤਸਵੀਰਾਂ)

ਮੰਕੀਪੌਕਸ ਇਨਫੈਕਸ਼ਨ ਦੇ ਮਾਮਲੇ ਪਹਿਲਾਂ ਸਿਰਫ ਮੱਧ ਅਤੇ ਪੱਛਮੀ ਅਫਰੀਕਾ ਨਾਲ ਸਬੰਧਤ ਲੋਕਾਂ ਵਿੱਚ ਦੇਖੇ ਜਾਂਦੇ ਸਨ ਪਰ ਹੁਣ ਬ੍ਰਿਟੇਨ, ਸਪੇਨ, ਪੁਰਤਗਾਲ, ਇਟਲੀ, ਅਮਰੀਕਾ, ਸਵੀਡਨ ਅਤੇ ਕੈਨੇਡਾ ਵਿੱਚ ਵੀ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਨੌਜਵਾਨ ਹਨ ਅਤੇ ਉਨ੍ਹਾਂ ਦਾ ਅਫ਼ਰੀਕਾ ਦੀ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਫਰਾਂਸ, ਜਰਮਨੀ, ਬੈਲਜੀਅਮ ਅਤੇ ਆਸਟ੍ਰੇਲੀਆ ਵਿੱਚ ਵੀ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਹਨ। ਮੰਕੀਪੌਕਸ ਲਈ ਜ਼ਿੰਮੇਵਾਰ ਵਾਇਰਸ ਬਾਂਦਰਾਂ ਅਤੇ ਹੋਰ ਜੰਗਲੀ ਜਾਨਵਰਾਂ ਵਿੱਚ ਪੈਦਾ ਹੁੰਦਾ ਹੈ। ਜ਼ਿਆਦਾਤਰ ਸੰਕਰਮਿਤ ਮਰੀਜ਼ਾਂ ਵਿੱਚ ਬੁਖਾਰ, ਸਰੀਰ ਵਿੱਚ ਦਰਦ, ਠੰਢ ਅਤੇ ਥਕਾਵਟ ਦੇ ਲੱਛਣ ਦੇਖੇ ਗਏ ਹਨ। ਗੰਭੀਰ ਮਾਮਲਿਆਂ ਵਿੱਚ ਮਰੀਜ਼ਾਂ ਦੇ ਚਿਹਰੇ, ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਧੱਫੜ ਅਤੇ ਦਾਣੇ ਵੀ ਦਿਖਾਈ ਦੇ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News