ਕੋਰੋਨਾ ਕਾਰਨ ਆਸਟ੍ਰੇਲੀਆ ’ਚ ਪਹਿਲੀ ਮੌਤ, 27 ਲੋਕ ਇਨਫੈਕਟਡ

Sunday, Mar 01, 2020 - 08:13 AM (IST)

ਕੋਰੋਨਾ ਕਾਰਨ ਆਸਟ੍ਰੇਲੀਆ ’ਚ ਪਹਿਲੀ ਮੌਤ, 27 ਲੋਕ ਇਨਫੈਕਟਡ

ਪਰਥ— ਡਾਇਮੰਡ ਪਿ੍ਰੰਸਸ ਕਰੂਜ਼ ਸ਼ਿਪ ’ਚੋਂ ਵਾਪਸ ਲਿਆਂਦੇ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪਰਥ ਦਾ ਰਹਿਣ ਵਾਲਾ ਇਹ ਵਿਅਕਤੀ ਪਹਿਲਾ ਆਸਟ੍ਰੇਲੀਅਨ ਹੈ, ਜਿਸ ਦੀ ਜਾਨ ਕੋਰੋਨਾ ਵਾਇਰਸ ਕਾਰਨ ਗਈ ਹੈ। ਉਸ ਦਾ ਇਲਾਜ ਸਰ ਚਾਰਲਸ ਗਾਇਰਡਨਰ ਹਸਪਤਾਲ ’ਚ ਚੱਲ ਰਿਹਾ ਸੀ। ਡਾਇਮੰਡ ਪਿ੍ਰੰਸਸ ਕਰੂਜ਼ ਜਹਾਜ਼ ’ਚ ਇਸ ਵਿਅਕਤੀ ਨਾਲ ਉਸ ਦੀ ਪਤਨੀ ਵੀ ਸੀ, ਜੋ ਸਿਹਤ ਨਿਗਰਾਨੀ ’ਚ ਹੈ। ਬਜ਼ੁਰਗ ਜੋੜੇ ਨੂੰ ਹਫਤਾ ਕੁ ਪਹਿਲਾਂ ਹੀ ਪਰਥ ਭੇਜਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਦੀ ਪਤਨੀ ਨੂੰ ਵੀ ਸਾਹ ਸੰਬੰਧੀ ਪ੍ਰੇਸ਼ਾਨੀ ਹੋਣ ਕਾਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਉਸ ’ਚ ਵੀ ਕੋਰੋਨਾ ਵਾਇਰਸ ਦੇ ਲੱਛਣ ਹਨ ਪਰ ਉਸ ਦੀ ਸਥਿਤੀ ਠੀਕ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਦੋਵੇਂ ‘ਡਾਇਮੰਡ ਪਿ੍ਰੰਸਸ ਕਰੂਜ਼ ਜਹਾਜ਼’ ’ਚ ਹੀ ਕੋਰੋਨਾ ਦੀ ਲਪੇਟ ’ਚ ਆਏ ਸਨ। ਪਹਿਲਾਂ ਇਸ ਬਜ਼ੁਰਗ ਵਿਅਕਤੀ ਦੀ ਸਥਿਤੀ ਠੀਕ ਦੱਸੀ ਜਾ ਰਹੀ ਸੀ ਪਰ ਬਾਅਦ ’ਚ ਉਸ ਦੀ ਹਾਲਤ ਗੰਭੀਰ ਹੋ ਗਈ।
ਆਸਟ੍ਰੇਲੀਆ ’ਚ ਹੁਣ ਤੱਕ 27 ਲੋਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਨਿਊ ਸਾਊਥ ਵੇਲਜ਼ ਸੂਬੇ ’ਚ ਪੰਜ ਕੇਸ ਸਾਹਮਣੇ ਆਏ ਹਨ। ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਆਸਟ੍ਰੇਲੀਅਨ ਈਰਾਨ ਤੋਂ ਵਾਪਸ ਆ ਰਿਹਾ ਹੈ ਤਾਂ ਉਸ ਨੂੰ 14 ਦਿਨਾਂ ਲਈ ਵੱਖਰਾ ਰੱਖਿਆ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਰੋਨਾ ਦੀ ਲਪੇਟ ’ਚ ਹੈ ਜਾਂ ਨਹੀਂ।


Related News