ਆਸਟ੍ਰੇਲੀਆ ''ਚ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਲੋਕਾਂ ਨੂੰ ਪਈਆਂ ਭਾਜੜਾਂ

01/02/2018 11:45:28 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਲੋਕਾਂ 'ਚ ਉਸ ਸਮੇਂ ਹਫੜਾ-ਦਫੜੀ ਪੈ ਗਈ, ਜਦੋਂ ਸਮੁੰਦਰੀ ਕੰਢੇ 'ਤੇ ਆਤਿਸ਼ਬਾਜ਼ੀ ਲਈ ਪਟਾਕੇ ਲਿਜਾ ਰਹੀ ਇਕ ਕਿਸ਼ਤੀ 'ਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਨਿਊ ਸਾਊਥ ਵੇਲਜ਼ ਸਥਿਤ ਤੇਰੀਗਾਲ ਬੀਚ 'ਤੇ ਵਾਪਰਿਆ। ਇਸ ਹਾਦਸੇ ਕਾਰਨ ਇੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਥਾਂ 'ਤੇ ਲਿਜਾਇਆ ਗਿਆ। 
ਲੋਕ ਸਮੁੰਦਰੀ ਕੰਢੇ 'ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਏ ਸਨ। ਇੱਥੇ ਪਟਾਕਿਆਂ ਦਾ ਸ਼ੋਅ ਹੋਣਾ ਸੀ। ਸ਼ੋਅ ਸ਼ੁਰੂ ਹੋਣ ਦੇ ਕੁਝ ਮਿੰਟ ਬਾਅਦ ਹੀ ਪਟਾਕਿਆਂ ਨਾਲ ਭਰੀ ਕਿਸ਼ਤੀ 'ਚ ਇਕ ਤੋਂ ਬਾਅਦ ਇਕ ਧਮਾਕੇ ਹੋ ਗਏ, ਜਿਸ ਕਾਰਨ ਉਸ 'ਚ ਸਵਾਰ ਦੋ ਵਿਅਕਤੀਆਂ ਨੇ ਛਾਲਾਂ ਮਾਰ ਦਿੱਤੀਆਂ ਅਤੇ ਉਹ ਇਸ ਹਾਦਸੇ ਵਿਚ ਜ਼ਖਮੀ ਹੋ ਗਏ। ਦੋਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 
ਇਕ ਚਸ਼ਮਦੀਦ ਗਵਾਹ ਨੇ ਹਾਦਸੇ ਬਾਰੇ ਦੱਸਿਆ ਕਿ ਸਾਰੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੋਅ ਦੇਖਣ ਲਈ ਸਮੁੰਦਰੀ ਕੰਢੇ 'ਤੇ ਇਕੱਠੇ ਹੋਏ ਸਨ ਕਿ ਅਚਾਨਕ ਜ਼ੋਰਦਾਰ ਧਮਾਕੇ ਹੋਏ। ਕਿਸ਼ਤੀ 'ਚ ਧਮਾਕੇ ਹੋਏ ਅਤੇ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਅਸੀਂ ਬਚ ਗਏ। ਮੌਕੇ 'ਤੇ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ ਕਰ ਕੇ ਹਾਦਸੇ ਦੀ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਸਮੁੰਦਰੀ ਤੱਟ 'ਤੇ ਇਕੱਠੇ ਹੋਏ 5-6 ਹਜ਼ਾਰ ਲੋਕਾਂ ਨੂੰ ਉੱਥੋਂ ਹਟਾਇਆ। ਸੁਰੱਖਿਆ ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।


Related News