ਅਮੇਜ਼ਨ ਜੰਗਲਾਂ ''ਚ ਲੱਗੀ ਅੱਗ, ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਜੀ-7
Sunday, Aug 25, 2019 - 09:10 PM (IST)

ਪੈਰਿਸ (ਏਜੰਸੀ)- ਜੀ-7 ਸੰਮੇਲਨ ਵਿਚ ਅਮੇਜ਼ਨ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਮਦਦ ਪਹੁੰਚਾਉਣ ਦੀ ਗੱਲ 'ਤੇ ਸਹਿਮਤੀ ਬਣ ਗਈ ਹੈ। ਇਸ ਗੱਲ ਦੀ ਜਾਣਕਾਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਗ ਨਾਲ ਪ੍ਰਭਾਵਿਤ ਦੇਸ਼ਾਂ ਦੀ ਜਿੰਨੀ ਜਲਦੀ ਹੋ ਸਕੇ ਮਦਦ ਕੀਤੀ ਜਾਵੇਗੀ। ਜੀ-7 ਸ਼ਿਖਰ ਸੰਮੇਲਨ ਦੇ ਅਧਿਕਾਰਤ ਤੌਰ 'ਤੇ ਐਤਵਾਰ ਨੂੰ ਸ਼ੁਰੂ ਹੋਣ ਦੇ ਨਾਲ ਸਾਰੇ ਨੇਤਾਵਾਂ ਨੇ ਰਾਉਂਡ ਟੇਬਲ 'ਤੇ ਚਰਚਾ ਕੀਤੀ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਅਤੇ ਜੈਵ ਵਿਵਿਧਤਾ ਜੀ-7 ਦਾ ਦਿਲ ਹੈ। ਅਮੇਜ਼ਨ ਵਿਚ ਜਲਾਏ ਜਾ ਰਹੇ ਜੰਗਲ ਅਤੇ ਸਮੁੰਦਰ ਸਾਨੂੰ ਆਵਾਜ਼ਾਂ ਮਾਰ ਰਹੇ ਹਨ। ਸਾਨੂੰ ਉਨ੍ਹਾਂ ਨੇ ਢੁੱਕਵਾਂ ਜਵਾਬ ਦੇਣਾ ਹੋਵੇਗਾ। ਇਨ੍ਹਾਂ ਵਿਸ਼ਿਆਂ 'ਤੇ ਖਾਲੀ ਗੱਲਬਾਤ ਦਾ ਸਮਾਂ ਨਹੀਂ ਹੈ ਸਗੋਂ ਕੁਝ ਠੋਸ ਕੰਮ ਕਰਨਾ ਹੋਵੇਗਾ।
ਦੱਸ ਦਈਏ ਕਿ ਸਮੁੰਦਰ ਕੰਢੇ ਬਸੇ ਪ੍ਰਾਚੀਨ ਸ਼ਹਿਰ ਬਿਆਰਿਟਜ਼ ਵਿਚ ਜੀ-7 ਸੰਮੇਲਨ ਵਿਚ ਸ਼ਾਮਲ ਨੇਤਾਵਾਂ ਨੇ ਅਮੇਜ਼ਨ ਦੇ ਜੰਗਲਾਂ ਵਿਚ ਲੱਗੀ ਅੱਗ ਬ੍ਰੈਗਜ਼ਿਟ ਦੇ ਡੈਡਲਾਕ ਨੂੰ ਖਤਮ ਕਰਨ ਅਤੇ ਵਪਾਰ ਤਣਾਅ ਵਿਚ ਕਮੀ ਲਿਆਉਣ ਵਰਗੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ। ਜੀ-7 ਵਿਚ ਫਰਾਂਸ, ਜਰਮਨੀ, ਯੂ.ਕੇ., ਇਟਲੀ, ਅਮਰੀਕਾ, ਕੈਨੇਡਾ ਅਤੇ ਜਪਾਨ ਸ਼ਾਮਲ ਹਨ। ਜੀ-7 ਸ਼ਿਖਰ ਸੰਮੇਲਨ ਦੀ ਮੀਟਿੰਗ ਵਿਚ ਸਾਹਮਣੇ ਆਇਆ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਈਰਾਨ ਤੋਂ ਪ੍ਰਮਾਣੂੰ ਸਮਝੌਤੇ ਨੂੰ ਲੈ ਕੇ ਗੱਲਬਾਤ ਦੀ ਅਗਵਾਈ ਕਰਨ ਦਾ ਕੰਮ ਸੌਂਪਇਆ ਗਿਆ ਹੈ। ਫਰਾਂਸ, ਇਟਲੀ, ਜਰਮਨੀ, ਬ੍ਰਿਟੇਨ, ਅਮਰੀਕਾ, ਕੈਨੇਡਾ, ਜਾਪਾਨ ਅਤੇ ਯੂਰਪੀ ਸੰਘ (ਈ.ਯੂ.) ਦੇ ਮੁਖੀਆਂ ਨੇ ਸ਼ਿਖਰ ਸੰਮੇਲਨ ਦੀ ਸ਼ੁਰੂਆਤ ਤੋਂ ਬਾਅਦ ਮੈਕਰੋਂ ਨੂੰ ਗੱਲਬਾਤ ਆਯੋਜਿਤ ਕਰਨ ਅਤੇ ਈਰਾਨ ਨੂੰ ਸੰਦੇਸ ਦੇਣ ਦਾ ਕੰਮ ਸੌਂਪਿਆ ਗਿਆ ਹੈ।