ਮੈਚ ਤੋਂ ਪਹਿਲਾਂ ਕ੍ਰਿਕਟ ਖਿਡਾਰੀਆਂ ਦੇ ਹੋਟਲ ''ਚ ਲੱਗੀ ਅੱਗ, ਪਈਆਂ ਭਾਜੜਾਂ
Saturday, Apr 12, 2025 - 02:50 PM (IST)

ਇੰਟਰਨੈਸ਼ਨਲ ਡੈਸਕ : ਭਾਰਤ ਵਿੱਚ ਚੱਲ ਰਹੇ ਆਈਪੀਐੱਲ ਕ੍ਰਿਕਟ ਮੁਕਾਬਲਿਆਂ ਦੇ ਵਿਚਾਲੇ ਹੀ ਪਾਕਿਸਤਾਨ ਨੇ ਵੀ ਸੁਪਰ ਲੀਗ (ਪੀਐੱਸਐੱਲ) 2025 ਦੀ ਸ਼ੁਰੂਆਤ ਕਰ ਦਿੱਤੀ ਹੈ। ਸੀਜ਼ਨ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਇਸਲਾਮਾਬਾਦ ਦੇ ਖੇਡ ਮੈਦਾਨ ਵਿੱਚ ਇਸਲਾਮਾਬਾਦ ਯੂਨਾਈਟਿਡ ਅਤੇ ਲਾਹੌਰ ਕਲੰਦਰਸ ਵਿਚਾਲੇ ਖੇਡਿਆ ਗਿਆ। ਇਸਲਾਮਾਬਾਦ ਨੇ ਇਹ ਮੈੱਚ 8 ਵਿਕਟਾਂ ਦੇ ਨਾਲ ਜਿੱਤ ਕੇ ਸੀਜ਼ਨ ਦੀ ਇਸ ਸੀਰੀਜ਼ ਦੀ ਪਹਿਲੀ ਜਿੱਤ ਵੀ ਹਾਸਲ ਕੀਤੀ ਪਰ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਵੱਡਾ ਹਾਦਸਾ ਵਾਪਰ ਗਿਆ।
ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਦੀਆਂ ਇਹ ਟੀਮਾਂ, ਸੀਰੀਜ਼ ਦੇ ਅਧਿਕਾਰੀ ਤੇ ਕਰਮਚਾਰੀ ਜਿਸ ਹੋਟਲ ਵਿੱਚ ਰੁੱਕੇ ਹੋਏ ਸਨ, ਉਸ ਹੋਟਲ ਵਿੱਚ ਅਚਾਨਕ ਅੱਗ ਲੱਗ ਗਈ। ਹੋਟਲ ਦਾ ਨਾਮ ਸੇਰੇਨਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਹੋਟਲ ਦੀ ਛੇਵੀਂ ਮੰਜ਼ਿਲ ਉੱਤੇ ਲੱਗੀ। ਫਾਈਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਗਈ, ਤੇ ਫਾਈਰ ਬ੍ਰਿਗੇਡ ਦੀਆਂ ਟੀਮਾਂ ਵਲੋਂ ਕਾਫੀ ਮੁਸ਼ਕਤ ਮਗਰੋਂ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ। ਰਾਹਤ ਦੀ ਗੱਲ ਇਹ ਹੈ ਕਿ ਅੱਗ ਕਾਰਨ ਕਿਸੇ ਵੀ ਖਿਡਾਰੀ ਜਾਂ ਅਧਿਕਾਰੀ ਨੂੰ ਕੋਈ ਸੱਟ ਜਾਂ ਪਰੇਸ਼ਾਨੀ ਨਹੀਂ ਹੋਈ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।