ਹੁਣ ਫਿਨਲੈਂਡ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਟੌਪਲੈੱਸ ਔਰਤਾਂ ਦੀ ਫੋਟੋ ਹੋਈ ਵਾਇਰਲ
Thursday, Aug 25, 2022 - 01:41 PM (IST)
ਕੋਪਨਹੇਗਨ (ਏਜੰਸੀ) : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੋ ਔਰਤਾਂ ਦੇ ਅੱਧ ਨਗਨ ਅਵਸਥਾ ਵਿਚ ਹੋਣ ਅਤੇ ਇੱਕ-ਦੂਜੇ ਨੂੰ ਚੁੰਮਣ ਦੀਆਂ ਫੋਟੋਆਂ ਜਾਰੀ ਹੋਣ ਤੋਂ ਬਾਅਦ ਮਾਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਮਾਰਿਨ ਨੂੰ ਆਪਣੇ ਦੋਸਤਾਂ ਨਾਲ ਨੱਚਦੇ ਅਤੇ ਗਾਉਂਦੇ ਹੋਏ ਦੇਖਿਆ ਗਿਆ ਸੀ, ਜਿਸ ਨਾਲ ਬਹਿਸ ਛਿੜ ਗਈ ਸੀ ਕਿ ਕੀ 36 ਸਾਲਾ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਪਾਰਟੀ ਕਰਨ ਦਾ ਅਧਿਕਾਰ ਹੈ ਜਾਂ ਨਹੀਂ। ਮਾਰਿਨ ਨੇ ਪੁਸ਼ਟੀ ਕੀਤੀ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਉਸ ਦੀ ਸਰਕਾਰੀ ਰਿਹਾਇਸ਼ ਦੇ ਬਾਥਰੂਮ ਵਿੱਚ ਲਈ ਗਈ ਤਸਵੀਰ ਵਿੱਚ ਉਹ ਖ਼ੁਦ ਨਹੀਂ ਹੈ ਅਤੇ ਇਹ ਦੋ ਔਰਤਾਂ ਦੀ ਤਸਵੀਰ ਹੈ। ਇਨ੍ਹਾਂ 'ਚੋਂ ਇਕ ਔਰਤ ਨੇ ਖਬਰਾਂ ਮੁਤਾਬਕ ਖੁਦ ਇਹ ਤਸਵੀਰ ਪਾਈ ਸੀ ਅਤੇ ਬਾਅਦ 'ਚ ਇਸ ਨੂੰ ਹਟਾ ਲਿਆ ਗਿਆ। ਉਸ ਦੀ ਪਛਾਣ ਸੋਸ਼ਲ ਮੀਡੀਆ ਪ੍ਰਭਾਵਕ ਵਜੋਂ ਹੋਈ ਹੈ। ਫਿਨਲੈਂਡ ਦੇ ਰਾਜ ਪ੍ਰਸਾਰਕ YLE ਦੇ ਅਨੁਸਾਰ, ਮਾਰਿਨ ਨੇ ਮੰਗਲਵਾਰ ਨੂੰ ਕਿਹਾ, 'ਮੇਰੀ ਰਾਏ ਵਿੱਚ ਇਹ ਤਸਵੀਰ ਸਹੀ ਨਹੀਂ ਹੈ। ਮੈਂ ਇਸ ਲਈ ਮਾਫ਼ੀ ਮੰਗਦੀ ਹਾਂ। ਤਸਵੀਰ ਨਹੀਂ ਲੈਣੀ ਚਾਹੀਦੀ ਸੀ।'
ਇਹ ਵੀ ਪੜ੍ਹੋ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਲੀਕ ਹੋਈ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਮਾਰਿਨ ਇੱਕ ਨਿੱਜੀ ਪਾਰਟੀ ਵਿੱਚ ਦੋਸਤਾਂ ਨਾਲ ਨੱਚਦੇ ਅਤੇ ਗਾਉਂਦੇ ਨਜ਼ਰ ਆ ਰਹੀ ਹੈ। ਕੇਂਦਰੀ-ਖੱਬੇ-ਪੱਖੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਕਰਨ ਵਾਲੀ ਮਾਰਿਨ ਨੂੰ ਪਾਰਟੀ ਬਾਰੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ: ਕੀ ਪਾਰਟੀ ਵਿੱਚ ਨਸ਼ੀਲੇ ਪਦਾਰਥ ਸਨ? ਕੀ ਉੱਥੇ ਸ਼ਰਾਬ ਸੀ? ਕੀ ਉਹ ਕੰਮ ਕਰ ਰਹੀ ਸੀ ਜਾਂ ਗਰਮੀਆਂ ਦੀਆਂ ਛੁੱਟੀਆਂ 'ਤੇ ਸੀ? ਕੀ ਪ੍ਰਧਾਨ ਮੰਤਰੀ ਇੰਨੀ ਹੋਸ਼ ਵਿਚ ਸੀ ਕਿ ਕਿਸੇ ਐਮਰਜੈਂਸੀ ਨਾਲ ਨਜਿੱਠਣ ਵਿਚ ਲਈ ਉਹ ਸਮਰਥ ਸੀ? ਪਾਰਟੀ ਵਿੱਚ ਜ਼ਾਹਰ ਤੌਰ 'ਕੇ ਕਿਸੇ ਨੇ ਇਹ ਵੀਡੀਓ ਬਣਾਈ ਸੀ, ਜੋ ਸੋਸ਼ਲ ਮੀਡੀਆ 'ਤੇ ਲੀਕ ਹੋ ਗਈ ਅਤੇ ਫਿਨਲੈਂਡ ਦੀ ਮੀਡੀਆ ਦਾ ਇਸ 'ਤੇ ਧਿਆਨ ਗਿਆ। ਮਾਰਿਨ ਨੇ ਮੰਨਿਆ ਕਿ ਉਸ ਨੇ ਅਤੇ ਉਸਦੇ ਦੋਸਤਾਂ ਨੇ ਇੱਕ ਪਾਰਟੀ ਕੀਤੀ ਸੀ ਅਤੇ ਉਸ ਵਿੱਚ ਸ਼ਰਾਬ ਦੀ ਵਰਤੋਂ ਕੀਤੀ ਗਈ ਸੀ, ਪਰ ਉਸ ਦੀ ਜਾਣਕਾਰੀ ਅਨੁਸਾਰ ਉਥੇ ਕੋਈ ਨਸ਼ੀਲਾ ਪਦਾਰਥ ਸ਼ਾਮਲ ਨਹੀਂ ਸੀ। ਉਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਡਰੱਗ ਬਾਰੇ ਅਟਕਲਾਂ ਨੂੰ ਖ਼ਤਮ ਕਰਨ ਲਈ "ਡਰੱਗ ਟੈਸਟ" ਕਰਵਾਇਆ ਹੈ, ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।