ਕੈਨੇਡਾ ਦੇ ਇਸ ਸੂਬੇ ਨੇ ਪੁਲਸ ਨੂੰ ਦਿੱਤੀ ਖੁੱਲ੍ਹੀ ਛੋਟ, ਲਾ ਸਕਣਗੇ ਭਾਰੀ ਜੁਰਮਾਨਾ

Saturday, Aug 22, 2020 - 10:36 AM (IST)

ਬੀ. ਸੀ. - ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਨੇ ਪੁਲਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਵਿਡ-19 ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੱਡਾ ਜੁਰਮਾਨਾ ਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ।

ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ ਪੁਲਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਣ ਬ੍ਰਿਟਿਸ਼ ਕੋਲੰਬੀਆ ਵਿਚ ਜਨਤਕ ਸਿਹਤ ਦੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਾਲੇ ਲੋਕਾਂ ਨੂੰ 2,000 ਡਾਲਰ ਤੱਕ ਦਾ ਭਾਰੀ ਜੁਰਮਾਨਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਹੈ।

ਸੂਬੇ ਦਾ ਕਹਿਣਾ ਹੈ ਕਿ ਸਖਤੀ ਲਾਗੂ ਕਰਨਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆਈ ਜਨਤਕ ਸਿਹਤ ਉਪਾਵਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਘਰਾਂ ਤੇ ਬਾਹਰੀ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਹਨ, ਜੋ ਬੀਮਾਰੀ ਦੇ ਫੈਲਣ ਦੇ ਜੋਖਮ ਨੂੰ ਵਧਾਉਂਦੇ ਹਨ।
ਸੂਬਾ ਸਰਕਾਰ ਅਨੁਸਾਰ, 50 ਤੋਂ ਵੱਧ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਵਾਲੇ ਪ੍ਰੋਗਰਾਮਾਂ ਦੇ ਪ੍ਰਬੰਧਕਾਂ, ਪ੍ਰੋਗਰਾਮ ਵਿਚ ਸ਼ਾਮਲ ਹੋਏ ਲੋਕਾਂ ਦੀ ਸੰਪਰਕ ਸੂਚੀ ਨਾ ਰੱਖਣ ਜਾਂ ਹੋਰ ਕੋਰੋਨਾ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 50 ਤੋਂ ਘੱਟ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਵਾਲੇ ਉਨ੍ਹਾਂ ਪ੍ਰਬੰਧਕਾਂ 'ਤੇ ਵੀ ਜੁਰਮਾਨਾ ਲਾਇਆ ਜਾਵੇਗਾ, ਜੋ ਹੈਂਡ ਸੈਨੇਟਾਈਜ਼ਰ ਅਤੇ ਵਾਸ਼ਰੂਮ ਸੁਵਿਧਾ ਜਾਂ ਸਰੀਰਕ ਦੂਰੀ ਸਬੰਧੀ ਨਿਯਮਾਂ ਨੂੰ ਪੂਰਾ ਕਰਨ ਵਿਚ ਅਸਫਲ ਰਹਿੰਦੇ ਹਨ। 


Lalita Mam

Content Editor

Related News