ਮਾਰੀਆ ਰੇਸਾ ਅਤੇ ਦਮਿਤਰੀ ਮੁਰਾਤੋਵ ਨੂੰ ਮਿਲਿਆ ਸਾਲ 2021 ਦਾ ਨੋਬਲ ਸ਼ਾਂਤੀ ਪੁਰਸਰਕਾਰ

Friday, Oct 08, 2021 - 04:04 PM (IST)

ਮਾਰੀਆ ਰੇਸਾ ਅਤੇ ਦਮਿਤਰੀ ਮੁਰਾਤੋਵ ਨੂੰ ਮਿਲਿਆ ਸਾਲ 2021 ਦਾ ਨੋਬਲ ਸ਼ਾਂਤੀ ਪੁਰਸਰਕਾਰ

ਸਟਾਕਹੋਮ (ਵਾਰਤਾ) - ਨੋਬਲ ਕਮੇਟੀ ਨੇ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਅਤੇ ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੂੰ ਸਾਲ 2021 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਲਈ ਕੀਤੇ ਯਤਨਾਂ ਕਾਰਨ ਦਿੱਤਾ ਗਿਆ ਹੈ। ਨੋਬਲ ਕਮੇਟੀ ਨੇ ਕਿਹਾ ਕਿ ਇਹ ਪੁਰਸਕਾਰ ਪ੍ਰਗਟਾਵੇ ਦੀ ਆਜ਼ਾਦੀ ਲਈ ਦੋਵਾਂ ਦੇ ਯਤਨਾਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਕਿਸੇ ਵੀ ਲੋਕਤੰਤਰ ਲਈ ਪ੍ਰਗਟਾਵੇ ਦੀ ਆਜ਼ਾਦੀ ਇਕ ਮਹੱਤਵਪੂਰਨ ਸ਼ਰਤ ਹੈ।

ਇਹ ਵੀ ਪੜ੍ਹੋ : ਆਬੂ ਧਾਬੀ ਨੇ ਅਪਡੇਟ ਕੀਤੀ ‘ਗ੍ਰੀਨ ਲਿਸਟ’, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੀ ਇਕਾਂਤਵਾਸ ਤੋਂ ਰਾਹਤ

ਨੋਬਲ ਕਮੇਟੀ ਨੇ ਦੋਵਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਹੈ। ਨੋਬਲ ਕਮੇਟੀ ਨੇ ਕਿਹਾ ਕਿ ਆਜ਼ਾਦ, ਮੁਕਤ ਅਤੇ ਤੱਥਾਂ 'ਤੇ ਅਧਾਰਤ ਪੱਤਰਕਾਰੀ ਸੱਤਾ ਦੀ ਦੁਰਵਰਤੋਂ, ਝੂਠ ਅਤੇ ਪ੍ਰਚਾਰ ਤੋਂ ਬਚਾਉਂਦੀ ਹੈ। ਨਾਰਵੇ ਦੀ ਸੰਸਥਾ ਨੇ ਮੰਨਿਆ ਕਿ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੂਚਨਾ ਦੀ ਆਜ਼ਾਦੀ ਲੋਕਾਂ ਨੂੰ ਜਾਗਰੂਕ ਕਰਦੀ ਹੈ। ਕਮੇਟੀ ਨੇ ਕਿਹਾ ਕਿ ਮਾਰੀਆ ਅਤੇ ਦਿਮਿਤਰੀ ਨੂੰ ਇਹ ਪੁਰਸਕਾਰ ਇਨ੍ਹਾਂ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਦਰਸਾਉਂਦਾ ਹੈ। ਮਾਰੀਆ ਰੇਸਾ ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਆਲੋਚਕ ਹੈ ਅਤੇ ਪਹਿਲਾਂ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਹਾਲ ਹੀ ਵਿਚ ਇਕ ਫੈਸਲੇ ਵਿਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਫੈਸਲੇ ਨੂੰ ਦੇਸ਼ ਵਿਚ ਪ੍ਰੈਸ ਦੀ ਆਜ਼ਾਦੀ ਲਈ ਵੱਡਾ ਝਟਕਾ ਮੰਨਿਆ ਗਿਆ ਸੀ। ਮਨੀਲਾ ਦੀ ਇਕ ਅਦਾਲਤ ਨੇ ਆਨਲਾਈਨ ਨਿਊਜ਼ ਸਾਈਟ ਰੈਪਲਰ ਇੰਕ ਦੀ ਮਾਰੀਆ ਰੇਸਾ ਅਤੇ ਸਾਬਕਾ ਰਿਪੋਰਟਰ ਰੇਨਾਲਡੋ ਸੈਂਟੋਸ ਜੂਨੀਅਰ ਨੂੰ ਇਕ ਅਮੀਰ ਕਾਰੋਬਾਰੀ ਨੂੰ ਬਦਨਾਮ ਕਰਨ ਦਾ ਦੋਸ਼ੀ ਪਾਇਆ। ਦੂਜੇ ਪਾਸੇ, ਦਮਿੱਤਰੀ ਮੁਰਤੋਵ ਰੂਸ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਹ ਰੂਸੀ ਅਖ਼ਬਾਰ ਨੋਵਾਯਾ ਗਜ਼ੇਟਾ ਦੇ ਸੰਪਾਦਕ ਹਨ। ਮੰਨਿਆ ਜਾਂਦਾ ਹੈ ਕਿ ਪੁਤਿਨ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦਾ ਇਕਲੌਤਾ ਅਖ਼ਬਾਰ ਅਜਿਹਾ ਸੀ ਜੋ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਰਿਹਾ ਹੈ। ਅਖ਼ਬਾਰ ਨੇ ਪੁਤਿਨ ਸਰਕਾਰ ਵਿਚ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ : ਕਤਰ ਦੀ ਸਲਾਹ: ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਾ ਕਰੇ ਅੰਤਰਰਾਸ਼ਟਰੀ ਭਾਈਚਾਰਾ

ਮਹੱਤਵਪੂਰਨ ਗੱਲ ਇਹ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਸੰਗਠਨ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਰਾਸ਼ਟਰਾਂ ਵਿਚ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨ ਵਿਚ ਸਭ ਤੋਂ ਵਧੀਆ ਕੰਮ ਕੀਤਾ ਹੋਵੇ। ਪਿਛਲੇ ਸਾਲ ਇਹ ਪੁਰਸਕਾਰ ਵਿਸ਼ਵ ਭੋਜਨ ਪ੍ਰੋਗਰਾਮ ਨੂੰ ਦਿੱਤਾ ਗਿਆ ਸੀ, ਜਿਸ ਦੀ ਸਥਾਪਨਾ 1961 ਵਿਚ ਵਿਸ਼ਵ ਭਰ ਵਿਚ ਭੁੱਖਮਰੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡਵਾਇਟ ਆਈਜ਼ਨਹਾਵਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਸੀ। ਰੋਮ ਸਥਿਤ ਸੰਯੁਕਤ ਰਾਸ਼ਟਰ ਏਜੰਸੀ ਨੂੰ ਇਹ ਪੁਰਸਕਾਰ ਵਿਸ਼ਵ ਪੱਧਰ 'ਤੇ ਭੁੱਖਮਰੀ ਅਤੇ ਖੁਰਾਕ ਸੁਰੱਖਿਆ ਨਾਲ ਲੜਨ ਦੀਆਂ ਕੋਸ਼ਿਸ਼ਾਂ ਲਈ ਦਿੱਤਾ ਗਿਆ ਸੀ। ਇਸ ਵੱਕਾਰੀ ਪੁਰਸਕਾਰ ਤਹਿਤ ਇਕ ਸੋਨੇ ਦਾ ਤਗਮਾ ਅਤੇ 1 ਕਰੋੜ ਸਵੀਡਿਸ਼ ਕ੍ਰੋਨਰ (11.4 ਲੱਖ ਡਾਲਰ ਤੋਂ ਵੱਧ ਰਾਸ਼ੀ) ਦਿੱਤੇ ਜਾਂਦੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News