ਆਰਮੀਨੀਆ ਅਤੇ ਅਜਰਬੈਜਾਨ 'ਚ ਫਿਰ ਛਿੜੀ ਲੜਾਈ, 18 ਦੀ ਮੌਤ
Monday, Sep 28, 2020 - 09:06 AM (IST)
ਯੇਰੇਵਾਨ- ਆਰਮੀਨੀਆ ਅਤੇ ਅਜਰਬੈਜਾਨ ਵਿਚਕਾਰ ਵਿਵਾਦਿਤ ਵੱਖਵਾਦੀ ਖੇਤਰ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਫਿਰ ਲੜਾਈ ਸ਼ੁਰੂ ਹੋ ਗਈ ਹੈ।
ਆਰਮੀਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 16 ਫੌਜੀ ਅਤੇ 2 ਆਮ ਨਾਗਰਿਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਹਨ। ਅਜਰਬੈਜਾਨ ਨੇ ਰਾਸ਼ਟਰਪਤੀ ਇਲਹਾਮ ਅਲਿਯੇਵ ਨੇ ਇਸ ਵਿਚਕਾਰ ਕਿਹਾ ਕਿ ਉਨ੍ਹਾਂ ਵਲੋਂ ਫੌਜੀ ਨੁਕਸਾਨ ਹੋਇਆ ਹੈ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ।
ਆਰਮੀਨੀਆ ਨੇ ਇਹ ਦਾਅਵਾ ਕੀਤਾ ਹੈ ਕਿ ਅਜਰਬੈਜਾਨ ਦੇ ਚਾਰ ਹੈਲੀਕਾਪਟਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ ਤੇ 33 ਟੈਂਕਾਂ ਤੇ ਲੜਾਕੂ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਅਜਰਬੈਜਾਨ ਨੇ ਪਹਿਲਾਂ ਕੀਤੇ ਉਸ ਦਾਅਵੇ ਨੂੰ ਖਾਰਜ ਕੀਤਾ ਸੀ ਕਿ ਉਸ ਦੇ ਦੋ ਹੈਲੀਕਾਪਟਰ ਢੇਰ ਕੀਤੇ ਗਏ ਹਨ। ਜਿਸ ਇਲਾਕੇ ਵਿਚ ਇਹ ਲੜਾਈ ਸ਼ੁਰੂ ਹੋਈ, ਉਹ ਅਜਰਬੈਜਾਨ ਤਹਿਤ ਆਉਂਦਾ ਹੈ ਪਰ ਇੱਥੇ 1994 ਤੋਂ ਹੀ ਆਰਮੀਨੀਆ ਵਲੋਂ ਸਮਰਥਤ ਬਲਾਂ ਦਾ ਕਬਜ਼ਾ ਹੈ। ਲੜਾਈ ਸ਼ੁਰੂ ਹੋਣ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਪਰ ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਝੜਪਾਂ ਹੋਈਆਂ ਸਨ ਤੇ ਦੋਵੇਂ ਪਾਸਿਓਂ ਮਿਲ ਕੇ 16 ਲੋਕਾਂ ਦੀ ਮੌਤ ਹੋ ਗਈ ਸੀ। ਅਜਰਬੈਜਾਨ ਦੇ ਕੁਝ ਖੇਤਰਾਂ ਵਿਚ ਮਾਰਸ਼ਲ ਲਾਅ ਲਗਾਇਆ ਗਿਆ ਹੈ ਤੇ ਕੁਝ ਮੁੱਖ ਸ਼ਹਿਰਾਂ ਵਿਚ ਕਰਫਿਊ ਦੇ ਹੁਕਮ ਵੀ ਦਿੱਤੇ ਗਏ ਹਨ।