ਭੋਜਨ ''ਚ ਵਰਤੋ ਇਹ ਆਹਾਰ, ਪੇਟ ਦੀਆਂ ਕਈ ਬੀਮਾਰੀਆਂ ਰਹਿਣਗੀਆਂ ਦੂਰ

01/05/2020 2:41:29 PM

ਜੋਹਾਨਿਸਬਰਗ- ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕ ਅਕਸਰ ਪੇਟ ਦੀਆਂ ਬੀਮਾਰੀਆਂ ਨਾਲ ਪਰੇਸ਼ਾਨ ਰਹਿੰਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੇ ਭੋਜਨ ਵਿਚ ਫਾਈਬਰ ਯਾਨੀ ਰੇਸ਼ੇਦਾਰ ਭੋਜਨ ਪਦਾਰਥਾਂ ਨੂੰ ਸ਼ਾਮਲ ਨਹੀਂ ਕਰਦੇ। ਅੱਜ ਸਾਡੇ ਕੋਲ ਕਈ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਰਹਿੰਦੀਆਂ ਹਨ, ਜਿਹਨਾਂ ਦੇ ਸੇਵਨ ਨਾਲ ਅਸੀਂ ਆਪਣੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਪਰ ਕਦੇ ਤੁਸੀਂ ਸੋਚਿਆ ਹੈ ਕਿ ਸਾਡੇ ਪੁਰਖੇ ਖੁਦ ਨੂੰ ਕਿਵੇਂ ਸਿਹਤਮੰਦ ਰੱਖਦੇ ਸਨ। ਉਹ ਫਾਈਬਰ ਵਾਲੇ ਭੋਜਨ ਪਦਾਰਥ ਖਾ ਕੇ ਆਪਣੀ ਇਮਿਊਨਿਟੀ ਬਣਾਏ ਰੱਖਦੇ ਸਨ। ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਵੀ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਅੱਜ ਤੋਂ 70 ਹਜ਼ਾਰ ਸਾਲ ਪਹਿਲਾਂ ਮਨੁੱਖ ਕਾਰਬੋਹਾਈਡ੍ਰੇਟ ਦੀ ਸਹੀ ਮਾਤਰਾ ਵਾਲਾ ਭੋਜਨ ਖਾਂਦੇ ਸਨ।

ਖੋਦਾਈ ਦੌਰਾਨ ਮਿਲੇ ਪੌਦਿਆਂ ਅਵਸ਼ੇਸ਼
ਦੱਖਣ ਅਫਰੀਕਾ ਵਿਚ ਖੋਦਾਈ ਦੌਰਾਨ ਖੋਜਕਾਰਾਂ ਨੇ ਅਜਿਹੇ ਪੌਦਿਆਂ ਦੇ ਅਵਸ਼ੇਸ਼ ਖੋਜੇ ਹਨ ਜੋ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਆਧੁਨਿਕ ਮਨੁੱਖ ਰੇਸ਼ੇਦਾਰ ਭੋਜਨ ਦੇ ਸ਼ੌਕੀਨ ਸਨ। ਦੱਖਣ ਅਫਰੀਕਾ ਦੀ ਵਿਟਵਾਟਰਸੈਂਡ (ਵਿਟਸ) ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਹਾਈਪੋਕਸਿਸ ਐਸਪੀ ਨਾਂ ਦੇ ਪੌਦੇ ਦੀਆਂ ਜੜ੍ਹਾਂ ਮੱਧ ਸਟੋਨਏਜ ਦੇ ਮਨੁੱਖਾਂ ਦੇ ਲਈ ਭੋਜਨ ਦਾ ਸਭ ਤੋਂ ਚੰਗਾ ਸਰੋਤ ਰਹੀ ਹੋਵੇਗੀ ਕਿਉਂਕਿ ਕੰਦ-ਮੂਲ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਹੈ ਤੇ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਵੀ ਖਾਸ ਮਿਹਨਤ ਨਹੀਂ ਕਰਨੀ ਪੈਂਦੀ।

ਮੱਧ ਸਟੋਨਏਜ ਯੁੱਗ ਦਾ ਸਮਾਂ 2,80,000 ਤੋਂ 25,000 ਸਾਲ ਪਹਿਲਾਂ ਮੰਨਿਆ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪੂਰੇ ਅਫਰੀਕਾ ਮਹਾਦੀਪ ਵਿਚ ਰੇਸ਼ੇਦਾਰ ਜੜ੍ਹਾਂ ਉਸ ਯੁੱਗ ਵਿਚ ਆਸਾਨੀ ਨਾਲ ਮਿਲਦੀਆਂ ਹੋਣਗੀਆਂ। ਇਸ ਅਧਿਐਨ ਦੇ ਸਹਿ-ਲੇਖਕ ਤੇ ਵਿਟਸ ਨਾਲ ਜੁੜੇ ਲਿਨ ਨੇ ਕਿਹਾ ਕਿ ਇਹ ਅਧਿਐਨ ਹੁਣ ਤੱਕ ਹੋਈਆਂ ਖੋਜਾਂ ਦੀ ਤੁਲਨਾ ਵਿਚ ਸਭ ਤੋਂ ਪੁਰਾਣਾ ਹੈ। ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਉਸ ਕਾਲ ਵਿਚ ਆਧੁਨਿਕ ਮਨੁੱਖ ਕਿਸ ਤਰ੍ਹਾਂ ਜ਼ਿੰਦਗੀ ਜਿਊਂਦੇ ਸਨ। ਉਹਨਾਂ ਨੇ ਕਿਹਾ ਕਿ ਜਿਸ ਕਾਲ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੌਰ ਵਿਚ ਨਿਸ਼ਚਿਤ ਰੂਪ ਨਾਲ ਮਨੁੱਖ ਲੱਕੜ ਨਾਲ ਜ਼ਮੀਨ ਖੋਦ ਕੇ ਜੜ੍ਹਾਂ ਕੱਢਦੇ ਹੋਣਗੇ।

ਸਿਹਤਮੰਦ ਰਹਿਣ ਲਈ ਫਾਇਦੇਮੰਦ ਰੇਸ਼ੇਦਾਰ ਭੋਜਨ
ਖੋਜਕਾਰਾਂ ਦਾ ਕਹਿਣਾ ਹੈ ਕਿ ਫਲਾਂ ਦੇ ਛਿਲਕਿਆਂ ਸਣੇ ਖਾਣ ਨਾਲ ਵੀ ਸਾਡੇ ਸਰੀਰ ਨੂੰ ਫਾਈਬਰ ਮਿਲਦਾ ਹੈ, ਜੋ ਸਾਡੀਆਂ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਕ ਹੋਰ ਅਧਿਐਨ ਮੁਤਾਬਕ ਰੇਸ਼ੇਦਾਰ ਭੋਜਨ ਪਦਾਰਥ ਨਾ ਸਿਰਫ ਕਬਜ਼ ਠੀਕ ਕਰਦੇ ਹਨ ਬਲਕਿ ਡਾਈਬਟੀਜ਼, ਅਸਤਮਾ, ਦਿਲ ਸਬੰਧੀ ਬੀਮਾਰੀ ਤੇ ਕੈਂਸਰ ਕੋਸ਼ਿਕਾਵਾਂ ਬਣਨ ਤੋਂ ਬਚਾਉਂਦਾ ਹੈ।


Baljit Singh

Content Editor

Related News