ਓਮੀਕਰੋਨ ਦਾ ਖ਼ੌਫ, ਕੋਰੋਨਾ ਟੈਸਟ ਦੇ ਨਵੇਂ ਨਿਯਮਾਂ ਕਾਰਨ ਟੋਰਾਂਟੋ ਏਅਰਪੋਰਟਾਂ ''ਤੇ ਭੰਬਲਭੂਸਾ

Monday, Dec 06, 2021 - 05:32 PM (IST)

ਓਮੀਕਰੋਨ ਦਾ ਖ਼ੌਫ, ਕੋਰੋਨਾ ਟੈਸਟ ਦੇ ਨਵੇਂ ਨਿਯਮਾਂ ਕਾਰਨ ਟੋਰਾਂਟੋ ਏਅਰਪੋਰਟਾਂ ''ਤੇ ਭੰਬਲਭੂਸਾ

ਟੋਰਾਂਟੋ (ਸੁਰਜੀਤ ਸਿੰਘ ਫਲੌਰਾ):- ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਕੈਨੇਡਾ ਵਿਚ ਵੀ ਸਾਹਮਣੇ ਆਏ ਹਨ। ਇਸ ਮਗਰੋਂ ਫੈਡਰਲ ਸਰਕਾਰ ਵਲੋਂ ਕੋਰੋਨਾ ਟੈਸਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਕਾਰਨ ਕੈਨੇਡੀਅਨ ਏਅਰਪੋਰਟਾਂ 'ਤੇ ਭੰਬਲਭੂਸਾ ਪੈਦਾ ਹੋ ਗਿਆ ਹੈ। ਨਵਾਂ ਓਮੀਕਰੋਨ ਵੇਰੀਐਂਟ ਫੈਲਣ ਕਾਰਨ ਸਰਕਾਰ ਨੇ ਅਮਰੀਕਾ ਨੂੰ ਛੱਡ ਕੇ ਸੱਭ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਤਾਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਯਾਤਰੀਆਂ ਨੂੰ ਇਸ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਭੰਬਲਭੂਸਾ ਪੈਦਾ ਹੋ ਗਿਆ ਹੈ। 

ਕੈਨੇਡਾ ਦਾਖਲ ਹੋਣ ਸਮੇਂ ਹਰ ਯਾਤਰੀ ਦਾ ਟੈਸਟ ਜ਼ਰੂਰੀ ਹੈ ਅਤੇ ਟੈਸਟ ਦਾ ਨਤੀਜਾ ਨੈਗਿਟਿਵ ਆਉਣ ਤੱਕ ਆਈਸੋਲੇਟ (ਕੁਆਰੰਟੀਨ) ਰਹਿਣਾ ਜ਼ਰੂਰੀ ਹੈ। ਇਹ ਨਿਯਮ ਉਹਨਾਂ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ ਜੋ ਪੂਰੀ ਤਰਾਂ ਵੈਕਸੀਨੇਟ ਹਨ। ਵਿਦੇਸ਼ ਤੋਂ ਕੈਨੇਡਾ ਲਈ ਉਡਾਣ ਫੜਨ ਤੋਂ 72 ਘੰਟੇ ਪਹਿਲਾਂ ਨੈਗੇਟਿਵ ਟੈਸਟ ਹੋਣਾ ਵੀ ਲਾਜ਼ਮੀ ਹੈ। ਅਰਾਈਵਲ ਮੌਕੇ ਅਜੇ ਕੁਝ ਯਾਤਰੀ ਟੈਸਟ ਲਈ ਸੀਲੈਕਟ ਕੀਤੇ ਜਾ ਰਹੇ ਹਨ ਪਰ ਹਰ ਯਾਤਰੀ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕੁਝ ਦਿਨਾਂ ਵਿੱਚ ਲਾਗੂ ਹੋ ਜਾਵੇਗਾ। ਟਰਾਂਸਪੋਰਟ ਕੈਨੇਡਾ ਨਾਲ ਇੰਟਰਨੈਸ਼ਨਲ ਏਅਰਪੋਰਟਾਂ ਦੇ ਪ੍ਰਬੰਧਕ ਇਸ ਬਾਰੇ ਸਲਾਹ ਮਸ਼ਵਰੇ ਕਰ ਰਹੇ ਹਨ। 

ਟੈਸਟ ਅਤੇ ਆਈਸੋਲੇਸ਼ਨ ਲਾਜ਼ਮੀ ਕੀਤੇ ਜਾਣ ਨਾਲ ਏਅਰ ਟਰੈਵਲ ਇੰਡਸਟਰੀ 'ਤੇ ਬੁਰਾ ਅਸਰ ਪੈਣ ਦਾ ਡਰ ਹੈ ਜੋ ਕੋਰੋਨਾ ਦੇ ਸਾਏ ਤੋਂ ਉਭਰਨ ਦਾ ਯਤਨ ਕਰ ਰਹੀ ਹੈ। ਉਧਰ ਅਮਰੀਕਾ ਨੇ ਕੈਨੇਡਾ ਸਮੇਤ ਹਰ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ 24 ਘੰਟੇ ਪਹਿਲਾਂ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੁਕੰਮਲ ਤਾਲਾਬੰਦੀ ਲਗਾਉਣ ਨਾਲੋਂ ਸਖ਼ਤ ਸ਼ਰਤਾਂ ਲਾਗੂ ਕਰਨਾ ਬਿਹਤਰ ਬਦਲ ਹੈ।

ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ : ਆਸਟ੍ਰੇਲੀਆ ਦੀ 'ਕੰਤਾਸ' ਏਅਰਵੇਜ਼ ਨੇ ਭਾਰਤ ਲਈ ਮੁੜ ਸ਼ੁਰੂ ਕੀਤੀ ਵਪਾਰਕ ਉਡਾਣ ਸੇਵਾ 

ਉਡਾਨਾਂ ਰੱਦ ਹੋਣ ਕਾਰਨ ਕਈ ਕੈਨੇਡੀਅਨ ਸਾਊਥ ਅਫਰੀਕਾ 'ਚ ਫਸੇ
ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨਿਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਹਨ ਤੇ ਉੱਤੋਂ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟਰਿੱਪ ਅਸੰਭਵ ਹੋ ਗਿਆ ਹੈ।ਮੇਗਨ ਤਾਨਿਆ ਹੌਜਕਿੰਸਨ ਸਾਊਥ ਅਫਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਜਦੋਂ ਪਿਛਲੇ ਹਫ਼ਤੇ ਕੈਨੇਡੀਅਨ ਸਰਕਾਰ ਨੇ ਸਾਊਥ ਅਫਰੀਕਾ ਸਮੇਤ ਕਈ ਅਫਰੀਕੀ ਦੇਸ਼ਾਂ ਲਈ ਟਰੈਵਲ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹਾ ਨੋਵਲ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਪਸਾਰ ਨੂੰ ਰੋਕਣ ਲਈ ਕੀਤਾ ਗਿਆ। ਹੌਜਕਿੰਸਨ ਨੇ ਆਖਿਆ ਕਿ ਉਸ ਨੇ ਅਗਲੇ ਮੰਗਲਵਾਰ ਵਾਇਆ ਯੂਨਾਈਟਿਡ ਕਿੰਗਡਮ ਕੈਨੇਡਾ ਪਰਤਣਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਉਹ ਕੈਨੇਡਾ ਵੱਲੋਂ ਟਰੈਵਲਰਜ਼ ਲਈ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਪੂਰਾ ਕਰ ਸਕੇਗੀ।

ਹੌਜਕਿੰਸਨ, ਜੋ ਕਿ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਸ ਕੋਲ ਸਾਊਥ ਅਫਰੀਕਾ ਦਾ ਪਾਸਪੋਰਟ ਵੀ ਹੈ, ਨੇ ਆਖਿਆ ਕਿ ਉਸ ਦੀ ਨਾਗਰਿਕਤਾ ਕਾਰਨ ਉਹ ਯੂ ਕੇ ਦੇ ਏਅਰਪੋਰਟਸ 'ਤੇ ਟੈਸਟ ਨਹੀਂ ਕਰਵਾ ਸਕੇਗੀ।ਉਨ੍ਹਾਂ ਆਖਿਆ ਕਿ ਅਫਰੀਕੀ ਦੇਸ਼ਾਂ ਨੂੰ ਵੱਖ ਕਰਕੇ ਉਨ੍ਹਾਂ 'ਤੇ ਟਰੈਵਲ ਸਬੰਧੀ ਪਾਬੰਦੀਆਂ ਲਾਉਣਾ ਸਹੀ ਨਹੀਂ ਹੈ।ਮਾਂਟਰੀਅਲ ਦੇ ਪੀਟਰ ਫੈਫਰਲ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਸਾਊਥ ਅਫਰੀਕਾ ਛੱਡਣ ਦਾ ਮਨ ਬਣਾ ਚੁੱਕੇ ਸਨ ਤੇ ਉਨ੍ਹਾਂ ਨੀਦਰਲੈਂਡ ਰਾਹੀਂ ਘਰ ਪਰਤਣ ਦਾ ਫ਼ੈਸਲਾ ਕੀਤਾ ਸੀ ਪਰ ਉਨ੍ਹਾਂ ਦੀ ਫਲਾਈਟ ਹੀ ਰੱਦ ਹੋ ਗਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News