ਚੀਨੀ ਸਰਕਾਰ ਨੇ ਡਾਇਨਾਮਾਇਟ ਨਾਲ ਉੱਡਾ ਦਿੱਤੀ ਪ੍ਰਸਿੱਧ ਚਰਚ

01/11/2018 10:00:42 PM

ਬੀਜ਼ਿੰਗ — ਚੀਨ ਦੀ ਸਰਕਾਰ ਨੇ ਦੇਸ਼ ਦੇ ਉੱਤਰੀ ਹਿੱਸੇ 'ਚ ਸਥਿਤ ਮਸ਼ਹੂਰ ਗੋਲਡਨ ਲੈਂਪਸਟੈਂਡ ਚਰਚ ਨੂੰ ਤਬਾਹ ਕਰ ਦਿੱਤਾ। ਚੀਨੀ ਸਰਕਾਰ ਵੱਲੋਂ ਪਿਛਲੇ ਇਕ ਮਹੀਨੇ 'ਚ ਢਾਈ ਜਾਣ ਵਾਲੀ ਇਹ ਦੂਜੀ ਚਰਚ ਹੈ। ਚੀਨ ਦੀ ਇਸ ਕਾਰਵਾਈ ਤੋਂ ਬਾਅਦ ਦੇਸ਼ ਦੇ ਈਸਾਈ ਭਾਈਚਾਰੇ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਖਿਲਾਫ ਵੱਡੇ ਪੈਮਾਨੇ 'ਤੇ ਕੈਂਪੇਨ ਨਾ ਚਲਾਇਆ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਗੋਲਡਨ ਲੈਂਪਸਟੈਂਡ ਸਮੇਤ ਕਈ ਗੈਰ ਸਰਕਾਰੀ ਚਰਚਾਂ ਦੀ ਪ੍ਰਸਿੱਧੀ ਵਧ ਰਹੀ ਸੀ ਜਿਸ ਤੋਂ ਪ੍ਰਸ਼ਾਸਨ ਚਿੰਤਤ ਸੀ। 
ਰਿਪੋਰਟ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਅਤੇ ਧਾਰਮਿਕ ਸਮੂਹਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਦੇ ਚੱਲਦੇ ਚੀਨ ਦੀ ਸਰਕਾਰ ਨੇ ਇਸ ਚਰਚ ਨੂੰ ਡਾਇਨਾਮਾਇਟ ਲਾ ਕੇ ਉੱਡ ਦਿੱਤਾ। ਚਸ਼ਮਦੀਦ ਗਵਾਹਾਂ ਅਤੇ ਵਿਦੇਸ਼ੀ ਕਾਮਿਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਲਿਨਫੇਨ ਸ਼ਹਿਰ 'ਚ ਗੋਲਡਨ ਲੈਂਪਸਟੈਂਡ ਚਰਚ ਨੂੰ ਤਬਾਹ ਕਰ ਦਿੱਤਾ। ਜ਼ਿਕਰਯੋਗ ਹੈ ਕਿ ਚੀਨ 'ਚ ਕਰੀਬ 6 ਕਰੋੜ ਈਸਾਈ ਆਬਾਦੀ ਹੋਣ ਦਾ ਅੰਦਾਜ਼ਾ ਹੈ। 
ਚੀਨ ਉਂਝ ਤਾਂ ਕਾਗਜ਼ਾਂ 'ਤੇ ਆਪਣੇ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਦੇਣ ਦਾ ਦਾਅਵਾ ਕਰਦਾ ਹੈ, ਪਰ ਉਥੋਂ ਦਾ ਪ੍ਰਸ਼ਾਸਨ ਸਮੇਂ-ਸਮੇਂ 'ਤੇ ਧਾਰਮਿਕ ਰੀਤੀ-ਰਿਵਾਜਾਂ ਨੂੰ ਕੰਟਰੋਲ ਕਰਦਾ ਰਿਹਾ ਹੈ। ਰਿਪੋਰਟ ਮੁਤਾਬਕ ਚੀਨੀ ਸਰਕਾਰ ਨੇ ਸਖਤ ਤੌਕ 'ਤੇ ਸ਼ਾਂਗਜ਼ੀ ਰਾਜ 'ਚ ਇਕ ਹੋਰ ਚਰਚ ਨੂੰ ਪਿਛਲੇ ਮਹੀਨੇ ਹੀ ਢਾਹ ਦਿੱਤਾ ਸੀ। ਚੀਨੀ ਸਰਕਾਰ ਦੀ ਇਨ੍ਹਾਂ ਕਾਰਵਾਈਆਂ ਦੇ ਚੱਲਦੇ ਲੋਕਾਂ ਨੇ ਘਰਾਂ ਦੇ ਅੰਦਰ ਹੀ ਛੋਟੇ-ਛੋਟੇ ਚਰਚ ਬਣਾ ਲਏ ਸਨ, ਪਰ ਸਰਕਾਰ ਇਨ੍ਹਾਂ ਨੂੰ ਲੈ ਕੇ ਵੀ ਸਖਤ ਰੁਖ ਅਪਣਾਏ ਹੋਏ ਹਨ।


Related News