47 ਪਰਿਵਾਰਾਂ ਨੂੰ ਮਿਲੇਗਾ 500 ਕਰੋੜ ਰੁਪਏ ਦਾ ਮੁਆਵਜ਼ਾ ! ਹਾਵਰਡ ਮੈਡੀਕਲ ਸਕੂਲ ਦਾ ਵੱਡਾ ਫ਼ੈਸਲਾ
Friday, Aug 21, 2026 - 10:51 AM (IST)
ਬੋਸਟਨ (ਭਾਸ਼ਾ): ਮਸ਼ਹੂਰ ਹਾਰਵਰਡ ਮੈਡੀਕਲ ਸਕੂਲ ਮੁਰਦਾਘਰ ਦੇ ਸਾਬਕਾ ਮੈਨੇਜਰ ਵੱਲੋਂ ਮਨੁੱਖੀ ਅੰਗ ਚੋਰੀ ਕਰਕੇ ਕਾਲੇ ਬਾਜ਼ਾਰ ਵਿੱਚ ਵੇਚਣ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ 53 ਮਿਲੀਅਨ ਅਮਰੀਕੀ ਡਾਲਰ (ਲਗਭਗ 500 ਕਰੋੜ) ਦਾ ਮੁਆਵਜ਼ਾ ਦੇਣ ਲਈ ਸਹਿਮਤ ਹੋ ਗਿਆ ਹੈ। ਇਹ ਰਾਸ਼ੀ ਉਨ੍ਹਾਂ ਦਾਨੀਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ , ਜਿਨ੍ਹਾਂ ਦੇ ਅਜੀਜ਼ਾਂ ਦੇ ਅੰਗਾਂ ਦੀ ਕਥਿਤ ਤੌਰ 'ਤੇ ਬੇਅਦਬੀ ਕੀਤੀ ਗਈ ਸੀ।
ਹਾਰਵਰਡ ਮੈਡੀਕਲ ਸਕੂਲ ਦੇ ਸਾਬਕਾ ਮੁਰਦਾਘਰ ਮੈਨੇਜਰ ਸੇਡਰਿਕ ਲੌਜ ਨੂੰ ਪਿਛਲੇ ਸਾਲ ਅੰਗ ਚੋਰੀ ਕਰਨ ਅਤੇ ਵੇਚਣ ਦੇ ਦੋਸ਼ ਵਿੱਚ ਅੱਠ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਅਧਿਕਾਰੀਆਂ ਅਨੁਸਾਰ ਲੌਜ ਇੱਕ ਅਜਿਹੇ ਘਿਨਾਉਣੇ ਨੈੱਟਵਰਕ ਦਾ ਮੁੱਖ ਹਿੱਸਾ ਸੀ ਜੋ ਖੋਜ ਅਤੇ ਸਿੱਖਿਆ ਲਈ ਦਾਨ ਕੀਤੇ ਗਏ ਮ੍ਰਿਤਕ ਸਰੀਰਾਂ ਵਿੱਚੋਂ ਦਿਮਾਗ, ਚਮੜੀ, ਹੱਥ ਅਤੇ ਚਿਹਰੇ ਚੋਰੀ ਕਰਕੇ ਪੈਨਸਿਲਵੇਨੀਆ ਅਤੇ ਹੋਰ ਥਾਵਾਂ 'ਤੇ ਵੇਚਦਾ ਸੀ। ਉਸਦੀ ਪਤਨੀ ਡੇਨਿਸ ਲੌਜ ਨੂੰ ਵੀ ਇਸ ਕੰਮ ਵਿੱਚ ਮਦਦ ਕਰਨ ਲਈ ਇੱਕ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਅੰਗ ਖਰੀਦਣ ਵਾਲੇ 6 ਹੋਰ ਲੋਕਾਂ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਖਤਰਨਾਕ ਗੈਂਗ ਦਾ ਇਕ ਹੋਰ ਭਾਰਤੀ ਨਾਗਰਿਕ FBI ਦੀ ਲੋੜੀਂਦੀ ਸੂਚੀ 'ਚ ਸ਼ਾਮਲ
ਇਸ ਮਾਮਲੇ ਵਿੱਚ ਇੱਕ ਬੇਹੱਦ ਪਰੇਸ਼ਾਨ ਕਰਨ ਵਾਲਾ ਖੁਲਾਸਾ ਵੀ ਹੋਇਆ ਸੀ, ਜਿੱਥੇ ਸੇਡਰਿਕ ਲੌਜ ਨੇ ਇੱਕ ਖਰੀਦਦਾਰ ਨੂੰ ਮਨੁੱਖੀ ਚਮੜੀ ਮੁਹੱਈਆ ਕਰਵਾਈ ਸੀ ਤਾਂ ਜੋ ਉਸ ਚਮੜੀ ਨੂੰ ਸੋਧ ਕੇ ਇੱਕ ਕਿਤਾਬ ਦੀ ਬਾਈਡਿੰਗ ਕੀਤੀ ਜਾ ਸਕੇ। ਅਦਾਲਤੀ ਦਸਤਾਵੇਜ਼ਾਂ ਵਿੱਚ ਇਸ ਨੂੰ "ਬਹੁਤ ਹੀ ਭਿਆਨਕ ਹਕੀਕਤ" ਦੱਸਿਆ ਗਿਆ ਹੈ। ਆਮ ਤੌਰ 'ਤੇ, ਖੋਜ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਸਸਕਾਰ ਕਰਕੇ ਪਰਿਵਾਰ ਨੂੰ ਸੌਂਪਿਆ ਜਾਂਦਾ ਹੈ, ਪਰ ਲੌਜ ਨੇ ਸਸਕਾਰ ਤੋਂ ਪਹਿਲਾਂ ਹੀ ਅੰਗ ਕੱਢ ਲਏ ਸਨ। ਹਾਰਵਰਡ ਅਨੁਸਾਰ ਲੌਜ ਨੇ ਇਹ ਸਭ ਯੂਨੀਵਰਸਿਟੀ ਦੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਕੀਤਾ ਸੀ।
ਹਾਰਵਰਡ ਮੈਡੀਕਲ ਸਕੂਲ ਦੇ ਡੀਨ ਜਾਰਜ ਕਿਊ. ਡੇਲੀ ਅਤੇ ਬਰਨਾਰਡ ਐਸ. ਚਾਂਗ ਨੇ ਭਾਈਚਾਰੇ ਨੂੰ ਲਿਖੇ ਪੱਤਰ ਵਿੱਚ ਲੌਜ ਦੀਆਂ ਹਰਕਤਾਂ ਨੂੰ "ਨਿੰਦਣਯੋਗ, ਘਿਨਾਉਣੀਆਂ ਅਤੇ ਮੈਡੀਕਲ ਭਾਈਚਾਰੇ ਦੇ ਮੁੱਲਾਂ ਨਾਲ ਵਿਸ਼ਵਾਸਘਾਤ" ਦੱਸਿਆ ਹੈ। ਇਹ ਮੁਕੱਦਮਾ 47 ਪੀੜਤ ਪਰਿਵਾਰਾਂ ਵੱਲੋਂ ਦਾਇਰ ਕੀਤਾ ਗਿਆ ਸੀ, ਜਿਨ੍ਹਾਂ ਦੇ ਅਜੀਜ਼ਾਂ ਦੇ ਅੰਗਾਂ ਨਾਲ ਕਥਿਤ ਤੌਰ 'ਤੇ ਖਿਲਵਾੜ ਹੋਇਆ ਸੀ। ਇਹ ਸਮਝੌਤਾ 1 ਜਨਵਰੀ 2018 ਤੋਂ 31 ਮਾਰਚ 2023 ਦਰਮਿਆਨ ਹਾਰਵਰਡ ਨੂੰ ਦੇਹ ਦਾਨ ਕਰਨ ਵਾਲੇ ਪਰਿਵਾਰਾਂ 'ਤੇ ਲਾਗੂ ਹੋਵੇਗਾ।
ਮੁਆਵਜ਼ੇ ਦੀ ਰਕਮ ਤੋਂ ਇਲਾਵਾ, ਹਾਰਵਰਡ ਮੈਡੀਕਲ ਸਕੂਲ ਨੇ ਪੀੜਤ ਪਰਿਵਾਰਾਂ ਨੂੰ ਇੱਕ ਲਿਖਤੀ ਬਿਆਨ ਦੇਣ ਦਾ ਵਾਅਦਾ ਕੀਤਾ ਹੈ ਜਿਸ ਵਿੱਚ ਲੌਜ ਦੇ ਕਾਰਨਾਮੇ ਦੀ ਨਿੰਦਾ ਕੀਤੀ ਜਾਵੇਗੀ ਅਤੇ ਦੇਹ ਦਾਨ ਪ੍ਰੋਗਰਾਮ ਵਿੱਚ ਕੀਤੇ ਗਏ ਸੁਰੱਖਿਆ ਸੁਧਾਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਦੇਹ ਦਾਨ ਕਰਨ ਵਾਲਿਆਂ ਦੇ ਸਨਮਾਨ ਵਿੱਚ ਅਕਾਦਮਿਕ ਸਾਲ 2027-28 ਤੋਂ ਮੈਡੀਕਲ ਵਿਦਿਆਰਥੀਆਂ ਲਈ ਇੱਕ ਸਾਲਾਨਾ ਵਿੱਤੀ ਸਹਾਇਤਾ ਸਕਾਲਰਸ਼ਿਪ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
