ਜਾਅਲੀ ਮੀਡੀਆ ਸਮੂਹ ਦੀ ਸਹਾਇਤਾ ਕਰਨ ਵਾਲੇ ਭਾਰਤੀ ਪੱਤਰਕਾਰ ਦੀ ਵਧੀ ਹਿਰਾਸਤ

05/11/2018 9:49:51 PM

ਮੇਲਬੋਰਨ— ਰਾਸ਼ਟਰਮੰਡਲ ਖੇਡਾਂ ਦੌਰਾਨ ਮੀਡੀਆ ਦੇ ਇਕ ਜਾਅਲੀ ਸਮੂਹ ਨੂੰ ਆਸਟ੍ਰੇਲੀਆ ਆਉਣ 'ਚ ਸਹਾਇਤਾ ਕਰਨ ਦੇ ਦੋਸ਼ੀ ਭਾਰਤੀ ਪੱਤਰਕਾਰ ਨੂੰ ਹੋਰ 6 ਹਫਤੇ ਹਿਰਾਸਤ 'ਚ ਰਹਿਣਾ ਹੋਵੇਗਾ। ਮੀਡੀਆ ਦੀਆਂ ਖਬਰਾਂ ਮੁਤਾਬਕ ਰਾਕੇਸ਼ ਕੁਮਾਰ ਸ਼ਰਮਾ (46) ਨੂੰ ਸ਼ੁੱਕਰਵਾਰ ਬ੍ਰਿਸਬੇਨ ਮੈਜਿਸਟਰੇਟ ਅਦਾਲਤ ਨੇ ਹਿਰਾਸਤ 'ਚ ਭੇਜ ਦਿੱਤਾ ਹੈ ਅਤੇ ਰਾਸ਼ਟਰਮੰਡਲ ਵਕੀਲ ਦੀ ਅਪੀਲ 'ਤੇ ਮਾਮਲੇ ਨੂੰ 22 ਜੂਨ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬ੍ਰਿਸਬੇਨ ਟਾਈਮਜ਼ ਦੀ ਖਬਰ ਮੁਤਾਬਕ ਆਸਟ੍ਰੇਲੀਆਈ ਸੀਮਾ ਬਲ (ਏ. ਬੀ. ਐੱਫ.) ਅਧਿਕਾਰੀਆਂ ਨੇ ਸ਼ਰਮਾ ਨੂੰ 8 ਹੋਰ ਲੋਕਾਂ ਦੇ ਨਾਲ ਮਾਰਚ 'ਚ ਹਿਰਾਸਤ 'ਚ ਲਿਆ ਸੀ ਕਿਉਂਕਿ ਉਨ੍ਹਾਂ ਦੇ ਸਾਥੀਆਂ ਦੀ ਮਾਨਤਾ ਵਾਸਤਵਿਕ ਨਹੀਂ ਸੀ। ਇਨ੍ਹਾਂ 8 ਲੋਕਾਂ ਦੀ ਉਮਰ 20 ਤੋਂ 37 ਸਾਲ ਵਿਚਾਲੇ ਹੈ। 
ਹਰਿਆਣਾ ਦੇ ਰਹਿਣ ਵਾਲੇ ਸ਼ਰਮਾ ਨੇ ਅਦਾਲਤੀ ਦਸਤਾਵੇਜ਼ਾਂ 'ਚ ਖੁਦ ਨੂੰ ਹਿੰਦੀ ਦੀ ਇਕ ਅਖਬਾਰ ਦਾ ਪੱਤਰਕਾਰ ਦੱਸਿਆ ਹੈ। ਵਕੀਲ ਦਾ ਦਾਅਵਾ ਹੈ ਕਿ ਸ਼ਰਮਾ ਦੀ ਮਾਨਤਾ ਵਾਸਤਵਿਕ ਹੈ ਪਰ ਉਸ ਨੇ ਸਮੂਹ ਦੀ ਯਾਤਰਾ 'ਚ ਸਹਾਇਤਾ ਕੀਤੀ। ਸ਼ਰਮਾ 'ਤੇ ਲੋਕਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ 'ਤੇ ਉਸ ਨੂੰ ਤਕਰੀਬਨ 5 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਦੋਸ਼ ਉਸ ਵਿਅਕਤੀ 'ਤੇ ਲਾਗੂ ਹੁੰਦਾ ਹੈ, ਜਿਹੜਾ 5 ਜਾਂ ਇਸ ਤੋਂ ਵੀ ਜ਼ਿਆਦਾ ਲੋਕਾਂ ਦੀ ਤਸਕਰੀ ਦਾ ਦੋਸ਼ੀ ਹੈ ਅਤੇ ਇਸ ਦੋਸ਼ ਨੂੰ ਲੈ ਕੇ 20 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਸਕਦੀ ਹੈ।  


Related News