ਫਰਜ਼ੀ ਡਿਗਰੀ ਮਾਮਲਾ: ਗਿਲਗਿਤ-ਬਾਲਤਿਸਤਾਨ ’ਚ ਇਮਰਾਨ ਦੀ ਪਾਰਟੀ ਦੇ ਮੁੱਖ ਮੰਤਰੀ ਅਯੋਗ ਕਰਾਰ

07/05/2023 5:19:15 PM

ਇਸਲਾਮਾਬਾਦ (ਏ. ਐੱਨ. ਆਈ.)– ਗਿਲਗਿਤ-ਬਾਲਤਿਸਤਾਨ ਦੀ ਇਕ ਸਥਾਨਕ ਅਦਾਲਤ ਨੇ ਕਾਨੂੰਨ ਦੀ ਫਰਜ਼ੀ ਡਿਗਰੀ ਨਾਲ ਸੰਬੰਧਤ ਮਾਮਲੇ ਵਿਚ ਖੇਤਰ ਦੇ ਮੁੱਖ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸੀਨੀਅਰ ਨੇਤਾ ਖਾਲਿਦ ਖੁਰਸ਼ੀਦ ਖਾਨ ਨੂੰ ਮੰਗਲਵਾਰ ਨੂੰ ਅਯੋਗ ਕਰਾਰ ਦਿੱਤਾ। ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਲਈ ਇਕ ਨਵਾਂ ਝਟਕਾ ਮੰਨਿਆ ਜਾ ਰਿਹਾ ਹੈ। ਖਾਲਿਦ ’ਤੇ ਫਰਜ਼ੀ ਡਿਗਰੀ ਦੇ ਆਧਾਰ ’ਤੇ ਗਿਲਗਿਤ-ਬਾਲਤਿਸਤਾਨ ਬਾਰ ਕੌਂਸਲ ਤੋਂ ਵਕਾਲਤ ਦਾ ਲਾਈਸੈਂਸ ਲੈਣ ਦਾ ਦੋਸ਼ ਸੀ।

ਜਸਟਿਸ ਮਲਿਕ ਇਨਾਇਤ-ਉਰ-ਰਹਿਮਾਨ, ਜਸਟਿਸ ਜੌਹਰ ਅਲੀ ਅਤੇ ਜਸਟਿਸ ਮੁਹੰਮਦ ਮੁਸ਼ਤਾਕ ਦੀ 3 ਮੈਂਬਰੀ ਬੈਂਚ ਨੇ ਦਲੀਲਾਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੂੰ ਅਯੋਗ ਐਲਾਨ ਕਰਨ ਦੀ ਪਟੀਸ਼ਨ ’ਤੇ ਹੁਕਮ ਪਾਸ ਕੀਤਾ। ਗਿਲਗਿਤ-ਬਾਲਟਿਸਤਾਨ ਵਿਧਾਨ ਸਭਾ ਦੇ ਮੈਂਬਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਗੁਲਾਮ ਸ਼ਹਿਜਾਦ ਆਗਾ ਨੇ ਖਾਲਿਦ ਦੀ ਕਾਨੂੰਨ ਦੀ ਡਿਗਰੀ ਨੂੰ ਚੁਣੌਤੀ ਦਿੰਦੇ ਹੋਏ ਸੰਵਿਧਾਨ ਦੀ ਧਾਰਾ 62 ਅਤੇ 63 ਤਹਿਤ ਉਨ੍ਹਾਂ ਨੂੰ ਅਯੋਗ ਐਲਾਨ ਕਰਨ ਦੀ ਅਪੀਲ ਕੀਤੀ ਸੀ। ਖਾਲਿਦ ਦੇ ਵਕੀਲ ਐਡਵੋਕੇਟ ਅਸਦੁੱਲਾਹ ਨੇ ਕਿਹਾ ਕਿ ਉਹ ਫੈਸਲੇ ਨੂੰ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਹੁਕਮ ਦੀ ਉਡੀਕ ਕਰ ਰਹੇ ਹਾਂ ਅਤੇ ਫਿਰ ਇਸ ਦੇ ਖਿਲਾਫ ਗਿਲਗਿਤ-ਬਾਲਟਿਸਤਾਨ ਦੀ ਸਰਵਉੱਚ ਅਪੀਲੀ ਅਦਾਲਤ ਵਿਚ ਅਪੀਲ ਦਾਇਰ ਕਰਾਂਗੇ। ਉਨ੍ਹਾਂ ਕਿਹਾ ਕਿ ਹੋਰ ਸਾਰੇ ਮੁਹੱਈਆ ਬਦਲਾਂ ਦਾ ਇਸਤੇਮਾਲ ਕੀਤਾ ਜਾਵੇਗਾ।


 


cherry

Content Editor

Related News