ਗੱਲਬਾਤ ਦੀ ਅਸਫ਼ਲਤਾ ਦਾ ਅਰਥ ਹੋਵੇਗਾ ਤੀਜਾ ਵਿਸ਼ਵ ਯੁੱਧ: ਜ਼ੇਲੇਂਸਕੀ

03/21/2022 10:44:24 AM

ਕੀਵ (ਵਾਰਤਾ)- ਮਾਸਕੋ ਵੱਲੋਂ ਮਾਰੀਉਪੋਲ ਨੂੰ ਸਮਰਪਣ ਕਰਨ ਦੀਆਂ ਚੇਤਾਵਨੀਆਂ ਦੇ ਵਿਚਕਾਰ ਯੂਕ੍ਰੇਨ ਨੇ ਰੂਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਕ ਵਾਰ ਫਿਰ ਦੁਨੀਆ ਨੂੰ ਯਾਦ ਦਿਵਾਇਆ ਕਿ ਜੇਕਰ ਗੱਲਬਾਤ ਨਹੀਂ ਹੁੰਦੀ ਹੈ, ਤਾਂ ਇਹ ਵਿਸ਼ਵਵਿਆਪੀ ਤਬਾਹੀ ਹੋਵੇਗੀ। ਉਨ੍ਹਾਂ ਦੇ ਡਿਪਟੀ ਨੇ ਸੋਮਵਾਰ ਸਵੇਰੇ 5 ਵਜੇ (ਮਾਸਕੋ ਦੇ ਸਮੇਂ) ਤੱਕ ਮਾਰੀਉਪੋਲ ਸ਼ਹਿਰ ਛੱਡਣ ਦੀ ਰੂਸੀ ਮੰਗ ਨੂੰ ਰੱਦ ਕਰਦੇ ਹੋਏ ਕਿਹਾ ਕਿ ਕਿਸੇ ਸਮਰਪਣ ਦਾ ਕੋਈ ਸਵਾਲ ਹੀ ਨਹੀਂ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਤੂਫਾਨ ਕਾਰਨ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬੀ, 4 ਲੋਕਾਂ ਮੌਤ, 1 ਲਾਪਤਾ

ਬੀ.ਬੀ.ਸੀ. ਨੇ ਕਿਹਾ ਕਿ ਰੂਸੀ ਰੱਖਿਆ ਮੰਤਰਾਲਾ ਨੇ ਸ਼ਹਿਰ ਦੇ ਸਮਰਪਣ ਦੇ ਬਦਲੇ ਇਕ ਮਨੁੱਖੀ ਗਲਿਆਰਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੋਸ਼ ਲਾਇਆ ਸੀ ਕਿ ਰੂਸ ਨੇ ਮਾਰੀਉਪੋਲ ਵਿਚ ਜੰਗੀ ਅਪਰਾਧ ਕੀਤੇ ਹਨ। ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਮਲੇ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਵਿਚ ਰੂਸ ਦੀ ਅਸਫ਼ਲਤਾ ਦਾ ਮਤਲਬ 'ਤੀਜਾ ਵਿਸ਼ਵ ਯੁੱਧ' ਹੋਵੇਗਾ। ਐਤਵਾਰ ਨੂੰ ਸੀ.ਐੱਨ.ਐੱਨ. ਨਾਲ ਗੱਲ ਕਰਦਿਆਂ ਜ਼ੇਲੇਂਸਕੀ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲੜਾਈ ਨੂੰ ਖ਼ਤਮ ਕਰਨ ਲਈ ਗੱਲਬਾਤ ਹੀ ਇੱਕੋ ਇੱਕ ਰਸਤਾ ਹੈ। ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਸਾਨੂੰ ਗੱਲਬਾਤ ਦੀ ਸੰਭਾਵਨਾ ਲਈ ਕਿਸੇ ਵੀ ਫਾਰਮੈਟ, ਕਿਸੇ ਵੀ ਮੌਕੇ ਦੀ ਵਰਤੋਂ ਕਰਨੀ ਪਵੇਗੀ।' ਜ਼ੇਲੇਂਸਕੀ ਨੇ ਹਾਲਾਂਕਿ ਕਿਹਾ ਕਿ ਉਹ ਕਿਸੇ ਵੀ ਸਮਝੌਤੇ ਨੂੰ ਰੱਦ ਕਰਨਗੇ, ਜਿਸ ਵਿਚ ਯੂਕ੍ਰੇਨ ਨੂੰ ਰੂਸ ਦੁਆਰਾ ਸਪਾਂਸਰ ਕੀਤੇ ਵੱਖਵਾਦੀ ਖੇਤਰਾਂ ਨੂੰ ਸੁਤੰਤਰ ਵਜੋਂ ਮਾਨਤਾ ਦੇਣ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਲਿਆਂਦੀ ਗਈ ਭਾਰਤ

ਯੂਕ੍ਰੇਨ ਦੇ ਰਾਸ਼ਟਰਪਤੀ ਨੇ ਇਕ ਵਾਰ ਫਿਰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਨਾਟੋ ਦਾ ਮੈਂਬਰ ਹੁੰਦਾ ਤਾਂ ਜੰਗ ਸ਼ੁਰੂ ਨਾ ਹੁੰਦੀ। 'ਜੇਕਰ ਨਾਟੋ ਦੇ ਮੈਂਬਰ ਸਾਡੇ ਨਾਲ ਗੱਠਜੋੜ ਵਿਚ ਸ਼ਾਮਲ ਹੋਣ ਲਈ ਤਿਆਰ ਹਨ, ਤਾਂ ਤੁਰੰਤ ਅਜਿਹਾ ਕਰੋ, ਕਿਉਂਕਿ ਲੋਕ ਰੋਜ਼ਾਨਾ ਮਰ ਰਹੇ ਹਨ।' ਮਾਰੀਉਪੋਲ ਦੇ ਮੇਅਰ ਦੇ ਸਲਾਹਕਾਰ ਪਿਓਟਰ ਐਂਡਰੀਸ਼ੈਂਕੋ ਦਾ ਕਹਿਣਾ ਹੈ ਕਿ ਮਾਸਕੋ ਦੇ ਮਨੁੱਖੀ ਵਾਅਦਿਆਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਸ਼ਹਿਰ ਆਪਣਾ ਬਚਾਅ ਕਰਨਾ ਬੰਦ ਨਹੀਂ ਕਰੇਗਾ। ਐਂਡਰੀਸ਼ੈਂਕੋ ਨੇ ਬੀ.ਬੀ.ਸੀ. ਨੂੰ ਕਿਹਾ 'ਅਸੀਂ ਅੰਤ ਤੱਕ ਲੜਾਂਗੇ'। ਐਤਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਗਲੋਬਲ ਸਮਰਥਨ ਰੈਲੀ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਵੀਡੀਓ ਲਿੰਕ ਰਾਹੀਂ ਇਜ਼ਰਾਈਲ ਦੀ ਸੰਸਦ ਨਾਲ ਗੱਲ ਕੀਤੀ। ਉਨ੍ਹਾਂ ਨੇ ਇਜ਼ਰਾਈਲੀ ਸੰਸਦ ਮੈਂਬਰਾਂ ਨੂੰ ਕਿਹਾ, 'ਅਸੀਂ ਜਿਊਣਾ ਚਾਹੁੰਦੇ ਹਾਂ। ਸਾਡੇ ਗੁਆਂਢੀ ਸਾਨੂੰ ਮਾਰਨਾ ਚਾਹੁੰਦੇ ਹਨ।'

ਇਹ ਵੀ ਪੜ੍ਹੋ: ਸਾਵਧਾਨ; ਚੀਨ 'ਚ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਰੋਨਾ ਨਾਲ 2 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News