ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਾਲਿਬਾਨ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਹਿੰਸਾ ਜਾਂ ਧਮਕੀ ਨਾਲ ਨਹੀਂ ਮਿਲਦੀ ਸੱਤਾ

Wednesday, Aug 04, 2021 - 10:52 PM (IST)

ਵਿਦੇਸ਼ ਮੰਤਰੀ ਜੈਸ਼ੰਕਰ ਨੇ ਤਾਲਿਬਾਨ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਹਿੰਸਾ ਜਾਂ ਧਮਕੀ ਨਾਲ ਨਹੀਂ ਮਿਲਦੀ ਸੱਤਾ

ਇੰਟਰਨੈਸ਼ਨਲ ਡੈਸਕ : ਅਮਰੀਕਾ ਵੱਲੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਤੋਂ ਬਾਅਦ ਅਫਗਾਨਿਸਤਾਨ ’ਚ ਸੱਤਾ ਹਥਿਆਉਣ ਲਈ ਹਿੰਸਾ ਅਤੇ ਨਸਲਕੁਸ਼ੀ ਵਧਾ ਦਿੱਤੀ ਹੈ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਤਾਲਿਬਾਨੀ ਹਿੰਸਾ ਨੂੰ ਲੈ ਕੇ ਕਿਹਾ ਕਿ 21ਵੀਂ ਸਦੀ ’ਚ ਸਮੂਹਿਕ ਹਿੰਸਾ, ਵਹਿਸ਼ੀਆਨਾ ਧਮਕੀ ਜਾਂ ਕਿਸੇ ਗੁਪਤ ਏਜੰਡੇ ਰਾਹੀਂ ਸੱਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇੱਕ ਆਨਲਾਈਨ ਪ੍ਰੋਗਰਾਮ ’ਚ ਜੈਸ਼ੰਕਰ ਨੇ ਅੱਤਵਾਦ ਖ਼ਿਲਾਫ਼ ਇੱਕ ਸਪੱਸ਼ਟ, ਤਾਲਮੇਲ ਅਤੇ ਭੇਦਭਾਵ ਰਹਿਤ ਕਾਰਵਾਈ ਕਰਨ ਦੀ ਲੋੜ ਦੱਸੀ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਦੀ ਨਰਸਰੀ ਸੰਘਰਸ਼ ਵਾਲੇ ਖੇਤਰਾਂ ’ਚ ਸਥਿਤ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਅਫਗਾਨਿਸਤਾਨ ’ਚ ਜੋ ਹਾਲਾਤ ਹਨ ਅਤੇ ਉਥੋਂ ਦੇ ਲੋਕਾਂ ਉੱਤੇ ਜਿਸ ਤਰ੍ਹਾਂ ਯੁੱਧ ਥੋਪਿਆ ਜਾ ਰਿਹਾ ਹੈ, ਉਸ ਨਾਲ ਚੁਣੌਤੀ ਵਧ ਗਈ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਇਸ ਦੀ ਧਾਰ ਹੋਰ ਤਿੱਖੀ ਹੋ ਜਾਵੇਗੀ। ਇਹ ਨਾ ਸਿਰਫ ਅਫਗਾਨਿਸਤਾਨ ਦੇ ਗੁਆਂਢ ’ਚ ਬਲਕਿ ਉਸ ਤੋਂ ਵੀ ਅੱਗੇ ਤਕ ਹੋਵੇਗਾ।

ਇਹ ਵੀ ਪੜ੍ਹੋ : Tokyo Olympics : ਵੀਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਕੁਸ਼ਤੀ ’ਚ ਰਵੀ ਦਹੀਆ ਦਾ ਮੁਕਾਬਲਾ ਇੰਨੇ ਵਜੇ

ਜੈਸ਼ੰਕਰ ਨੇ ਕਿਹਾ ਕਿ ਅਜਿਹੀ ਸਥਿਤੀ ’ਚ ਸਾਰੇ ਹਿੱਤਧਾਰਕਾਂ ਨੂੰ ਚੁਣੌਤੀਆਂ ਨਾਲ ਨਜਿੱਠਣ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਰਾਸ਼ਟਰੀ ਸ਼ਾਂਤੀ ਅਤੇ ਸੁਲ੍ਹਾ ਪ੍ਰਕਿਰਿਆ ਦਾ ਸਮਰਥਨ ਕਰਦਾ ਰਿਹਾ ਹੈ, ਜੋ ਅਫਗਾਨ ਦੀ ਅਗਵਾਈ ਵਾਲੀ, ਅਫਗਾਨ ਦੀ ਮਲਕੀਅਤ ਅਤੇ ਅਫਗਾਨ-ਨਿਯੰਤਰਿਤ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵੱਲੋਂ ਆਪਣੇ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਬਹੁਤ ਜ਼ਿਆਦਾ ਹਿੰਸਾ ਦਾ ਸਹਾਰਾ ਲੈ ਕੇ ਅਫਗਾਨਿਸਤਾਨ ’ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਮਰੀਕਾ 31 ਅਗਸਤ ਤੱਕ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਚਾਹੁੰਦਾ ਹੈ। ਭਾਰਤ ਅਫਗਾਨਿਸਤਾਨ ਦੀ ਸ਼ਾਂਤੀ ਅਤੇ ਸਥਿਰਤਾ ’ਚ ਮੁੱਖ ਭਾਈਵਾਲ ਰਿਹਾ ਹੈ। ਇਸ ਨੇ ਉੱਥੇ ਸਹਾਇਤਾ ਅਤੇ ਪੁਨਰ ਨਿਰਮਾਣ ਗਤੀਵਿਧੀਆਂ ’ਚ ਲੱਗਭਗ 3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਭਾਰਤ ਅਫਗਾਨਿਸਤਾਨ ਦੇ ਸਾਰੇ ਵਰਗਾਂ ਅਤੇ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਘੱਟਗਿਣਤੀ ਭਾਈਚਾਰਿਆਂ ਸਮੇਤ ਅਫਗਾਨਿਸਤਾਨ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ’ਤੇ ਜ਼ੋਰ ਦੇ ਰਿਹਾ ਹੈ।


author

Manoj

Content Editor

Related News