ਨੇਪਾਲ 'ਚ ਆਕਸੀਜਨ ਪਲਾਂਟ 'ਚ ਧਮਾਕਾ, ਭਾਰਤੀ ਨਾਗਰਿਕ ਦੀ ਮੌਤ, 7 ਹੋਰ ਜ਼ਖਮੀ
Thursday, Apr 21, 2022 - 03:46 PM (IST)
ਕਾਠਮੰਡੂ (ਏਜੰਸੀ)- ਨੇਪਾਲ ਵਿੱਚ ਕਾਠਮੰਡੂ ਨੇੜੇ ਲਲਿਤਪੁਰ ਜ਼ਿਲ੍ਹੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਵੀਰਵਾਰ ਨੂੰ ਇੱਕ ਆਕਸੀਜਨ ਪਲਾਂਟ ਵਿੱਚ ਧਮਾਕਾ ਹੋਣ ਕਾਰਨ 1 ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਵੀਰਵਾਰ ਸਵੇਰੇ ਪਾਟਨ ਉਦਯੋਗਿਕ ਰਾਜ ਵਿਚ ਸਥਿਤ ਸਾਗਰਮਠ ਆਕਸੀਜਨ ਪਲਾਂਟ ਵਿੱਚ ਉਦੋਂ ਹੋਇਆ, ਜਦੋਂ ਕਰਮਚਾਰੀ ਇੱਕ ਸਿਲੰਡਰ ਵਿੱਚ ਗੈਸ ਭਰ ਰਹੇ ਸਨ। ਧਮਾਕੇ ਨਾਲ ਆਕਸੀਜਨ ਪਲਾਂਟ ਦੀ ਛੱਤ ਉੱਡ ਗਈ ਅਤੇ ਆਸਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਇਹ ਵੀ ਪੜ੍ਹੋ: ਸੋਡੇ ਦੀਆਂ ਬੋਤਲਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਜਹਾਜ਼, 5 ਲੋਕਾਂ ਦੀ ਮੌਤ (ਤਸਵੀਰਾਂ)
ਪੁਲਸ ਨੇ ਦੱਸਿਆ ਕਿ ਧਮਾਕੇ ਵਿੱਚ ਭਾਰਤੀ ਨਾਗਰਿਕ ਬ੍ਰਿਜ ਕੁਮਾਰ ਮਹਾਤੋ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਭਾਰਤੀ ਅਤੇ 6 ਨੇਪਾਲੀ ਜ਼ਖ਼ਮੀ ਹੋ ਗਏ। ਲਲਿਤਪੁਰ ਮੈਟਰੋਪੋਲੀਟਨ ਪੁਲਸ ਰੇਂਜ ਦੇ ਪੁਲਸ ਸੁਪਰਡੈਂਟ ਸਿੱਧ ਬਿਕਰਮ ਸ਼ਾਹ ਦੇ ਅਨੁਸਾਰ, ਜ਼ਖ਼ਮੀਆਂ ਨੂੰ ਲਲਿਤਪੁਰ ਦੇ ਬੀ ਐਂਡ ਬੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਭਾਰਤੀ ਨਾਗਰਿਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗ੍ਰਹਿ ਮੰਤਰੀ ਬਾਲਕ੍ਰਿਸ਼ਨ ਖੰਡ ਨੇ ਪੁਲਸ ਨੂੰ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਅਤੇ ਹਾਦਸੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਫਾਂਸੀ