ਕਿਊਬਾ : ਲਗਜ਼ਰੀ ਹੋਟਲ ''ਚ ਧਮਾਕਾ, ਮਰਨ ਵਾਲਿਆਂ ਦੀ ਗਿਣਤੀ 31 ਹੋਈ
Monday, May 09, 2022 - 11:30 AM (IST)
ਹਵਾਨਾ (ਏਜੰਸੀ): ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਐਤਵਾਰ ਸ਼ਾਮ ਨੂੰ ਇਕ ਲਗਜ਼ਰੀ ਹੋਟਲ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਡੌਗ ਸਕੁਐਡ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ। ਹਵਾਨਾ ਦੇ 96 ਕਮਰਿਆਂ ਵਾਲੇ ਪੰਜ ਤਾਰਾ ਹੋਟਲ ਸਾਰਾਟੋਗਾ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਧਮਾਕਾ ਹੋਇਆ ਸੀ। ਇਹ 19ਵੀਂ ਸਦੀ ਦਾ ਹੋਟਲ ਓਲਡ ਹਵਾਨਾ ਵਿੱਚ ਸਥਿਤ ਹੈ। ਧਮਾਕੇ ਦੇ ਸਮੇਂ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹੋਟਲ ਨੂੰ ਮੰਗਲਵਾਰ ਨੂੰ ਖੋਲ੍ਹਣ ਦੀ ਯੋਜਨਾ ਸੀ। ਧਮਾਕੇ 'ਚ ਹੋਟਲ ਦੇ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ - ਯੂਕ੍ਰੇਨ ਦੀ ਮਦਦ ਲਈ ਅੱਗੇ ਆਏ ਟਰੂਡੋ, ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾਈਆਂ
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਚਾਰ ਨਾਬਾਲਗ, ਇੱਕ ਗਰਭਵਤੀ ਔਰਤ ਅਤੇ ਇੱਕ ਸਪੈਨਿਸ਼ ਨਾਗਰਿਕ ਸ਼ਾਮਲ ਹਨ। ਇਸ ਹਾਦਸੇ 'ਚ 54 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 24 ਹਸਪਤਾਲ 'ਚ ਦਾਖਲ ਹਨ। ਸ਼ਨੀਵਾਰ ਸ਼ਾਮ ਤੱਕ 19 ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਪਰ ਅਧਿਕਾਰੀਆਂ ਨੇ ਐਤਵਾਰ ਨੂੰ ਉਨ੍ਹਾਂ ਦਾ ਕੋਈ ਪਤਾ ਨਹੀਂ ਲਗਾਇਆ। ਇਹ ਹੋਟਲ 'Grupo di Turismo Gaviota SA' ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਜੋ ਕਿ ਗੈਸ ਲੀਕ ਹੋਣ ਕਾਰਨ ਹੋਇਆ ਮੰਨਿਆ ਜਾ ਰਿਹਾ ਹੈ।