ਮਾਹਰਾਂ ਦੀ ਚਿਤਾਵਨੀ ਸਰਦੀਆਂ ਸ਼ੁਰੂ ਹੁੰਦਿਆਂ ਹੀ ਇਸ ਦੇਸ਼ 'ਚ ਖਤਰਨਾਕ ਰੂਪ ਲੈ ਲਵੇਗਾ ਕੋਰੋਨਾ
Wednesday, Jun 24, 2020 - 02:28 PM (IST)
ਜੌਹਨਸਬਰਗ : ਕੋਰੋਨਾ ਵਰਗੀਆਂ ਬੀਮਾਰੀਆਂ ਦੇ ਉੱਚ ਮਾਹਰ ਸਲੀਮ ਅਬਦੁਲ ਕਰੀਮ ਨੇ ਚਿਤਾਵਨੀ ਦਿੱਤੀ ਹੈ ਕਿ ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ ਦੌਰ ਆਉਣਾ ਅਜੇ ਬਾਕੀ ਹੈ।
ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੇ ਇਕ ਲੱਖ ਦੇ ਪਾਰ ਪੁੱਜਣ ਅਤੇ ਮ੍ਰਿਤਕਾਂ ਦੀ ਗਿਣਤੀ ਤਕਰੀਬਨ 2000 ਹੋਣ ਕਾਰਨ ਉਨ੍ਹਾਂ ਨੇ ਇਹ ਬਿਆਨ ਦਿੱਤਾ। ਦੇਸ਼ ਵਿਚ ਤਿੰਨ ਮਹੀਨੇ ਦੇ ਲਾਕਡਾਊਨ ਵਿਚ ਕਈ ਰਿਆਇਤਾਂ ਦੇਣ ਦੇ ਬਾਅਦ ਪਿਛਲੇ 15 ਦਿਨਾਂ ਵਿਚ ਕੋਰੋਨਾ ਮਾਮਲੇ ਅਤੇ ਮ੍ਰਿਤਕਾਂ ਦੀ ਗਿਣਤੀ ਦੋ ਗੁਣਾ ਹੋ ਗਈ ਹੈ। ਕੌਮਾਂਤਰੀ ਪੱਧਰ 'ਤੇ ਮਸ਼ਹੂਰ ਮਹਾਮਾਰੀ ਵਿਗਿਆਨੀ ਅਤੇ ਸਰਕਾਰ ਦੀ ਕੋਵਿਡ-19 ਮੰਤਰੀ ਸਲਾਹਕਾਰ ਕਮੇਟੀ ਦੇ ਮੁਖੀ ਕਰੀਮ ਨੇ ਦੱਸਿਆ ਕਿ ਹੋਰ ਦੇਸ਼ਾਂ ਦੀ ਤੁਲਨਾ ਵਿਚ ਦੇਸ਼ ਕਾਫੀ ਵਧੀਆ ਸਥਿਤੀ ਵਿਚ ਹੈ ਕਿਉਂਕਿ ਤਿੰਨ ਮਹੀਨੇ ਦੇ ਲਾਕਡਾਊਨ ਕਾਰਨ ਦੇਸ਼ ਨੂੰ ਖੁਦ ਨੂੰ ਤਿਆਰ ਕਰਨ ਦਾ ਸਮਾਂ ਮਿਲ ਗਿਆ ਸੀ। ਕਰੀਮ ਨੇ ਵੈੱਬਸਾਈਟ ਟਾਈਮਜ਼ ਲਾਈਵ ਨੂੰ ਕਿਹਾ ਕਿ ਅਜੇ ਮਹਾਮਾਰੀ ਦੀ ਸਥਿਤੀ ਜਿੰਨਾ ਅੰਦਾਜ਼ਾ ਲਾਇਆ ਗਿਆ ਸੀ, ਉਸ ਦੇ ਨੇੜੇ ਹੀ ਹੈ। ਉਨ੍ਹਾਂ ਕਿਹਾ ਕਿ ਇਕ ਮਹਾਮਾਰੀ ਵਿਗਿਆਨੀ ਹੋਣ ਦੇ ਨਾਤੇ ਸਾਨੂੰ ਜੁਲਾਈ ਦੇ ਅਖੀਰ ਵਿਚ ਮਾਮਲਿਆਂ ਦੇ ਕਈ ਲੱਖ ਹੋਣ ਦਾ ਖਦਸ਼ਾ ਹੈ ਅਤੇ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਮਾਮਲੇ ਦੋ ਗੁਣਾ ਹੋ ਰਹੇ ਹਨ। ਸਰਦੀਆਂ ਦੇ ਸ਼ੁਰੂ ਹੋਣ ਦੇ ਬਾਅਦ ਕੋਵਿਡ-19 ਦੇ ਹੋਰ ਖਤਰਨਾਕ ਰੂਪ ਧਾਰ ਲੈਣ ਦਾ ਖਦਸ਼ਾ ਹੈ।
ਕਰੀਮ ਨੇ ਕਿਹਾ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਦਾ ਸਭ ਤੋਂ ਖਤਰਨਾਕ ਦੌਰ ਅਜੇ ਆਉਣਾ ਬਾਕੀ ਹੈ। ਸਾਨੂੰ ਇਸ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਉਮੀਦ ਹੈ ਕਿ ਅਸੀਂ ਜੋ ਤਿਆਰੀ ਕੀਤੀ ਹੈ ਉਹ ਆਉਣ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਕਾਫੀ ਹੋਵੇਗੀ। ਵਾਇਰਸ ਅਜੇ ਹੋਰ ਸਮੇਂ ਤੱਕ ਰਹਿਣ ਵਾਲਾ ਹੈ, ਉਹ ਕਿਤੇ ਨਹੀਂ ਜਾ ਰਿਹਾ।