ਵਿਚੈਂਸਾ ਵਿਖੇ ਸਿੱਖ ਇਤਿਹਾਸ ਨਾਲ ਸਬੰਧਤ ਲਾਈ ਗਈ ਪ੍ਰਦਰਸ਼ਨੀ
Tuesday, Nov 19, 2019 - 12:48 AM (IST)

ਮਿਲਾਨ (ਟੇਕ ਚੰਦ)-ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੱਤਰੀ ਇਟਲੀ ਵਿਚ ਲਾਈਆਂ ਜਾ ਰਹੀਆਂ ਇਤਿਹਾਸਕ ਪ੍ਰਦਰਸ਼ਨੀਆਂ ਦੀ ਲੜੀ ਤਹਿਤ ਬੀਤੇ ਦਿਨ ਵੀਨਸ ਨੇੜਲੇ ਸ਼ਹਿਰ ਵਿਚੈਂਸਾ ਦੇ ਧਰਮ ਅਤੇ ਕਲਚਰਲ ਵਿਭਾਗ ਦੇ ਮੁੱਖ ਹਾਲ ਵਿਚ ਸਿੱਖ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਧਾਂਤਾਂ ’ਤੇ ਰੌਸ਼ਨੀ ਪ੍ਰਗਟਾਈ ਗਈ। ਇਸ ਮੌਕੇ 10 ਗੁਰੂ ਸਹਿਬਾਨ, ਸਿੱਖ ਇਤਿਹਾਸ ਵਿਚ ਹੋਈਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਸਬੰਧਤ ਤਸਵੀਰਾਂ ਵੀ ਸੁਸ਼ੋਭਿਤ ਕੀਤੀਆਂ ਗਈਆਂ ਸਨ। ਇਸ ਮੌਕੇ ਕੌਂਸਲੇਟ ਜਨਰਲ ਰਾਜੇਸ਼ ਭਾਟੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਦੀ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵਧਾਈ ਦਿੱਤੀ। ਇਸ ਮੌਕੇ ਇਟਲੀ ’ਚ ਰਹਿੰਦੇ ਭਾਰਤੀ ਭਾਈਚਾਰੇ ਨਾਲ ਸਬੰਧਤ ਅਨੇਕਾਂ ਸ਼ਖਸੀਅਤਾਂ ਹਾਜ਼ਰ ਹੋਈਆਂ। ਪ੍ਰਦਰਸ਼ਨੀ ਨੂੰ ਦੇਖਣ ਲਈ ਇਟਾਲੀਅਨ ਲੋਕਾਂ ਨੇ ਵੀ ਵਿਸ਼ੇਸ਼ ਦਿਲਚਸਪੀ ਦਿਖਾਈ।