ਅਮਰੀਕਾ ''ਚ ਵਸਣਾ ਭਾਰਤੀਆਂ ਲਈ ਹੋਇਆ ਹੋਰ ਔਖਾ, ਵਧੀ ਵੀਜ਼ਾ ਫੀਸ
Sunday, Mar 01, 2020 - 01:57 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਵੱਸਣਾ ਜਾਂ ਉਥੇ ਜਾ ਕੇ ਕੰਮ ਕਰਨਾ ਹਰ ਭਾਰਤੀ ਦੀ ਚਾਹਤ ਹੈ ਪਰ ਅਮਰੀਕਾ ਵਲੋਂ ਉਥੇ ਵੱਸਣ ਦੀ ਚਾਹਤ ਰੱਖਣ ਵਾਲੇ ਭਾਰਤੀਆਂ ਨੂੰ ਹੁਣ ਇਕ ਅਪ੍ਰੈਲ ਤੋਂ ਈਬੀ-5 ਜਾਂ ਨਿਵੇਸ਼ਕ ਵੀਜ਼ਾ ਲਈ ਵਾਧੂ 50 ਹਜ਼ਾਰ ਡਾਲਰ (ਲਗਭਗ 35 ਲੱਖ ਰੁਪਏ) ਅਦਾ ਕਰਨੇ ਪੈਣਗੇ। ਵੈਬਸਾਈਟਾਂ ਦੀਆਂ ਖਬਰਾਂ ਮੁਤਾਬਕ ਰੋਜ਼ਾਨਾ ਅਮਰੀਕਨ ਬਾਜ਼ਾਰ ਨੇ ਕਿਹਾ ਕਿ ਇਸ ਵਾਧੂ ਫੀਸ ਦਾ ਅਸਰ ਸਾਰੀਆਂ ਸ਼੍ਰੇਣੀਆਂ ਦੇ ਵੀਜ਼ਾ 'ਤੇ ਪਵੇਗਾ ਪਰ ਈਬੀ-5 ਵੀਜ਼ਾ ਪ੍ਰੋਗਰਾਮ ਲਈ ਖਾਸ ਤੌਰ 'ਤੇ ਇਹ ਰੁਕਾਵਟ ਦਾ ਕੰਮ ਕਰੇਗਾ।
1990 ਤੋਂ ਬਾਅਦ ਤੋਂ ਇਹ ਪਹਿਲਾ ਵਾਧਾ
ਅਮਰੀਕਾ ਨੇ ਸਾਲ 2019 ਵਿਚ ਈਬੀ-5 ਨਿਵੇਸ਼ਕ ਵੀਜ਼ਾ ਪ੍ਰੋਗਰਾਮ ਲਈ ਘੱਟੋ-ਘੱਟ ਨਿਵੇਸ਼ ਦੀ ਰਾਸ਼ੀ ਨੂੰ ਵਧਾ ਕੇ 9 ਲੱਖ ਡਾਲਰ (ਲਗਭਗ 6.3 ਕਰੋੜ ਰੁਪਏ) ਕਰ ਦਿੱਤਾ ਸੀ। 1990 ਤੋਂ ਬਾਅਦ ਤੋਂ ਇਹ ਪਹਿਲਾ ਵਾਧਾ ਸੀ। ਘੱਟੋ-ਘੱਟ ਨਿਵੇਸ਼ ਵਿਚ ਇਸ ਵਾਧੇ ਦੇ ਨਾਲ ਨਵੀਨ ਪੰਜ ਫੀਸਦੀ ਵਾਧੂ ਫੀਸ ਦਾ ਮਤਲਬ ਹੈ ਕਿ ਬਿਨੈਕਾਰਾਂ ਨੂੰ ਹੁਣ ਅਮਰੀਕਾ ਵਿਚ ਐਸਕ੍ਰੋ ਅਕਾਉਂਟ ਵਿਚ ਨਿਵੇਸ਼ ਦੇ ਨਾਲ ਹੀ ਵਾਧੂ 50 ਹਜ਼ਾਰ ਡਾਲਰ ਵੀ ਜਮ੍ਹਾ ਕਰਨੇ ਹੋਣਗੇ। ਦੈਨਿਕ ਨੇ ਡੇਵਿਸ ਐਂਡ ਐਸੋਸੀਏਟਸ ਐਲ.ਐਲ.ਸੀ. ਦੇ ਗਲੋਬਲ ਚੇਅਰਮੈਨ ਮਾਰਕ ਡੇਵਿਸ ਦੇ ਹਵਾਲੇ ਤੋਂ ਕਿਹਾ ਹੈ ਕਿ ਭੇਜੀ ਗਈ ਰਕਮ 'ਤੇ ਟੈਕਸ ਵਿਚ ਬਦਲਾਅ ਭਾਰਤੀਆਂ ਲਈ ਇਹ ਚਿਤਾਵਨੀ ਹੈ ਕਿ ਅਮਰੀਕਾ ਵਿਚ ਕਦਮ ਰੱਖਣ ਤੋਂ ਪਹਿਲਾਂ ਉਹ ਸਾਵਧਾਨੀਪੂਰਵਕ ਆਪਣੀ ਟੈਕਸ ਸਥਿਤੀ ਦੀ ਯੋਜਨਾ ਬਣਾ ਲੈਣ।
ਜੋ ਲੋਕ ਸਰੋਤ 'ਤੇ ਇਹ ਵਾਧੂ ਫੀਸ ਨਹੀਂ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਲਾਜ਼ਮੀ ਹੈ ਕਿ ਉਹ ਨਵੇਂ ਨਿਯਮਾਂ ਦੇ ਪ੍ਰਭਾਵ ਵਿਚ ਆਉਣ ਤੋਂ ਪਹਿਲਾਂ ਨਿਵੇਸ਼ ਮਨੀ ਆਪਣੇ ਐਸਕ੍ਰੋ ਅਕਾਉਂਟ ਵਿਚ ਜਮਾਂ ਕਰਵਾ ਦੇਣ। ਜੇਕਰ ਕੋਈ ਅਮਰੀਕਾ ਵਿਚ ਵੱਸਣ ਦੀ ਇੱਛਾ ਰੱਖਦਾ ਹੈ, ਪਰ ਈਬੀ-5 ਵੀਜ਼ਾ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ ਅਤੇ ਇਸ ਨਿਯਮ ਦੇ ਲਾਗੂ ਹੋਣ ਤੋਂ ਪਹਿਲਾਂ ਉਹ ਆਪਣੇ ਐਸਕ੍ਰੋ ਅਕਾਉਂਟ ਵਿਚ ਘੱਟੋ-ਘੱਟ ਨਿਵੇਸ਼ ਰਾਸ਼ੀ ਜਮ੍ਹਾ ਕਰਵਾ ਦਿੰਦਾ ਹੈ ਤਾਂ ਉਸ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ।
ਕੀ ਹੈ ਈਬੀ-5 ਵੀਜ਼ਾ
ਜੇਕਰ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋ ਅਤੇ ਅਮਰੀਕਾ ਵਿਚ ਇਕ ਜੀਵਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ (ਯੂ.ਐਸ.ਸੀ.ਆਈ.ਐਸ.) ਵਲੋਂ ਪ੍ਰਸ਼ਾਸਿਤ ਈਬੀ-5 ਅਪ੍ਰਵਾਸੀ ਨਿਵੇਸ਼ਕ ਪ੍ਰੋਗਰਾਮ ਲਈ ਅਪਲਾਈ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਈਬੀ-5 ਪ੍ਰੋਗਰਾਮ ਵਿਚ ਹਿੱਸਾ ਲੈਣ ਦਾ ਮਤਲਬ ਪੂੰਜੀਗਤ ਨਿਵੇਸ਼ ਕਰਨਾ ਹੈ, ਪਰ ਜਿਵੇਂ ਹੀ ਯੂ.ਐਸ.ਸੀ.ਆਈ.ਐਸ. ਤੈਅ ਕਰਦਾ ਹੈ ਕਿ ਤੁਹਾਡਾ ਨਿਵੇਸ਼ ਪ੍ਰਾਪਤ ਵਪਾਰ ਈਬੀ-5 ਪ੍ਰੋਗਰਾਮ ਲਈ ਸਹੀ ਹੈ ਤਾਂ ਤੁਸੀਂ ਆਪਣੇ ਪਤੀ ਜਾਂ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਸੰਯੁਕਤ ਰਾਜ ਅਮਰੀਕਾ ਵਿਚ ਇਕ ਸਥਾਈ ਨਿਵਾਸ 'ਗ੍ਰੀਨ ਕਾਰਡ' ਹਾਸਲ ਕਰਨ ਐਲੀਜੀਬਲ ਹੋ।
ਐਸਕ੍ਰੋ ਅਕਾਉਂਟ ਕੀ ਹੁੰਦਾ ਹੈ?
ਇਹ ਇਕ ਸੁਰੱਖਿਆ ਘੇਰੇ ਵਾਂਗ ਕੰਮ ਕਰਦਾ ਹੈ ਜੋ ਦੋ ਪਾਰਟੀਆਂ ਵਿਚਾਲੇ ਵਿਸ਼ਵਾਸਪੱਤਰ ਦੀ ਭੂਮਿਕਾ ਬਣਦਾ ਹੈ। ਇਹ ਇਕ ਤਰ੍ਹਾਂ ਨਾਲ ਜੋਖਮ ਨੂੰ ਘੱਟ ਕਰਨ ਦਾ ਜ਼ਰੀਆ ਹੁੰਦਾ ਹੈ, ਖਰੀਦਦਾਰ ਅਤੇ ਵਿਕਰੇਤਾ ਦੋਵੇਂ ਆਪਣੇ ਜੋਖਮ ਨੂੰ ਘੱਟ ਕਰਨ ਲਈ ਐਸਕ੍ਰੋ ਅਕਾਉਂਟ ਦਾ ਲਾਭ ਲੈਂਦੇ ਹਨ ਤਾਂ ਜੋ ਕਿਸੇ ਤਰ੍ਹਾਂ ਨਾਲ ਧੋਖਾਧੜੀ ਨਾ ਕੀਤੀ ਜਾ ਸਕੇ। ਕ੍ਰੇਤਾ ਅਤੇ ਵਿਕ੍ਰੇਤਾ ਦੋਵੇਂ ਹੀ ਐਸਕ੍ਰੋ ਅਕਾਉਂਟ ਰਾਹੀਂ ਇਹ ਯਕੀਨੀ ਬਣਾਉਂਦੇ ਹਨ ਕਿ ਪੈਸੇ ਜਾਂ ਹੋਰ ਵਿੱਤੀ ਜਾਇਦਾਦ ਆਦਿ ਨੂੰ ਸੁਰੱਖਿਅਤ ਕਰਕੇ ਲੈਣ-ਦੇਣ ਕੀਤਾ ਜਾ ਸਕੇ।