UK ਦੀਆਂ ਨੰਬਰ ਪਲੇਟਾਂ ਤੋਂ ਯੂਰਪੀਅਨ ਯੂਨੀਅਨ ਹਟਾ ਕੇ ਯੂਨੀਅਨ ਜੈਕ ਨਾਲ ਕੀਤਾ ਤਬਦੀਲ
Monday, Feb 01, 2021 - 03:17 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂਰਪੀਅਨ ਯੂਨੀਅਨ ਨਾਲ ਨਾਤਾ ਤੋੜਨ ਤੋਂ ਬਾਅਦ ਯੂ. ਕੇ. ਵਲੋਂ ਹੌਲੀ-ਹੌਲੀ ਸਭ ਖੇਤਰਾਂ ਵਿਚ ਆਪਣਾ ਅਧਿਕਾਰ ਜਮਾਇਆ ਜਾ ਰਿਹਾ ਹੈ। ਕਈ ਤਰ੍ਹਾਂ ਦੇ ਵਪਾਰਕ ਸੰਬੰਧਾਂ ਨੂੰ ਵੱਖ ਕਰਨ ਤੋਂ ਬਾਅਦ ਯੂ. ਕੇ. ਸਰਕਾਰ ਵਲੋਂ ਬ੍ਰਿਟਿਸ਼ ਨੰਬਰ ਪਲੇਟਾਂ ਅਤੇ ਡਰਾਈਵਿੰਗ ਲਾਇਸੈਂਸਾਂ ਉਪਰੋਂ ਯੂਰਪੀਅਨ ਯੂਨੀਅਨ ਦੇ ਝੰਡੇ ਨੂੰ ਹਟਾ ਕੇ ਯੂਨੀਅਨ ਜੈਕ ਨਾਲ ਬਦਲਿਆ ਗਿਆ ਹੈ।
ਇਸ ਸੰਬੰਧੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 1 ਜਨਵਰੀ ਤੋਂ ਜਾਰੀ ਨਵੇਂ ਬੈਚਾਂ ਨਾਲ ਸਾਰੇ ਨੰਬਰ ਪਲੇਟ ਡਿਜ਼ਾਈਨ ਅਤੇ ਲਾਇਸੈਂਸ ਬਦਲੇ ਜਾਣਗੇ। ਹਾਲਾਂਕਿ ਬ੍ਰਿਟੇਨ ਦੇ ਵਾਹਨ ਚਾਲਕ ਅਜੇ ਵੀ ਇਜ਼ਾਜ਼ਤ ਲਏ ਬਿਨਾਂ ਯੂਰਪ ਵਿਚ ਘੁੰਮਣ ਲਈ ਆਪਣੇ ਫੋਟੋਕਾਰਡ ਲਾਇਸੈਂਸਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਜ਼ਿਆਦਾਤਰ ਯੂਰਪੀਅਨ ਦੇਸ਼ਾਂ ਵਿਚ ਡਰਾਈਵਰਾਂ ਨੂੰ ਉਨ੍ਹਾਂ ਦੀ ਨੰਬਰ ਪਲੇਟ ਵਿਚ ਯੂਨੀਅਨ ਫਲੈਗ ਦੇ ਨਾਲ "ਜੀ ਬੀ" ਹੋਣ ਦੀ ਸੂਰਤ ਵਿਚ ਇਕ ਜੀ ਬੀ ਸਟਿੱਕਰ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਟ੍ਰਾਂਸਪੋਰਟ ਸੈਕਟਰੀ ਗ੍ਰਾਂਟ ਸ਼ਾਪਸ ਅਨੁਸਾਰ ਡਰਾਈਵਿੰਗ ਲਾਇਸੈਂਸਾਂ ਅਤੇ ਨੰਬਰ ਪਲੇਟਾਂ ਦੇ ਡਿਜ਼ਾਇਨਾਂ ਨੂੰ ਬਦਲਣਾ ਬ੍ਰਿਟਿਸ਼ ਵਾਹਨ ਡਰਾਈਵਰਾਂ ਲਈ ਇਤਿਹਾਸਕ ਪਲ ਅਤੇ ਯੂਰਪੀਅਨ ਯੂਨੀਅਨ ਤੋਂ ਆਜ਼ਾਦੀ ਦਾ ਪੁਨਰਗਠਨ ਹੈ। ਵਿਭਾਗ ਅਨੁਸਾਰ ਪੁਰਾਣੀਆਂ ਪਲੇਟਾਂ ਅਤੇ ਲਾਇਸੈਂਸ ਅਜੇ ਵੀ ਜਾਇਜ਼ ਹੋਣਗੇ ਪਰ ਨਵੇਂ ਅਤੇ ਰੀਨਿਊ ਕਰਵਾਉਣ ਵਾਲਿਆਂ ਨੂੰ ਇਨ੍ਹਾਂ ਦੇ ਨਵੇਂ ਸੰਸਕਰਣ ਦਿੱਤੇ ਜਾਣਗੇ।