ਕੋਰੋਨਾ ਤੋਂ ਘਬਰਾਈ ਅਰਬ ਦੀ ਏਅਰਲਾਈਨ ਨੇ ਘਟਾਈਆਂ ਭਾਰਤ ਦੀਆਂ ਉਡਾਣਾਂ

03/19/2020 2:57:05 PM

ਅਬੂ ਧਾਬੀ(ਆਈ.ਏ.ਐਨ.ਐਸ.)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਝੰਡੇ ਵਾਲੀ ਐਤਿਹਾਦ ਏਅਰਲਾਈਨਜ਼ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਕਦਮ ਵਜੋਂ ਭਾਰਤ ਦੇ ਕਈ ਸ਼ਹਿਰਾਂ ਵਿਚ ਆਪਣੀਆਂ ਫਲਾਈਟਾਂ ਦੀ ਗਿਣਤੀ ਘਟਾ ਦਿੱਤੀ ਹੈ। ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾਵਾਇਰਸ ਦੇ 113 ਮਾਮਲੇ ਸਾਹਮਣੇ ਆ ਚੁੱਕੇ ਹਨ।

ਅਬੂ ਧਾਬੀ ਅਧਾਰਤ ਏਅਰਲਾਈਨ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਆਪਣੀਆਂ ਨਵੀਂ ਦਿੱਲੀ, ਬੰਗਲੁਰੂ, ਚੇਨਈ, ਕੋਚੀ, ਹੈਦਰਾਬਾਦ ਅਤੇ ਮੁੰਬਈ ਦੀਆਂ ਫਲਾਈਟਾਂ ਨੂੰ ਘਟਾ ਦਿੱਤਾ ਹੈ। ਏਅਰਲਾਈਨ ਨੇ ਇਸ ਦੇ ਨਾਲ ਹੀ ਅਜ਼ੇਰਬਾਈਜਾਨ, ਮਿਸਰ, ਜਾਰਡਨ, ਸਾਊਦੀ ਅਰੇਬੀਆ, ਨੈਰੋਬੀ, ਕੁਵੈਤ ਤੇ ਲਿਬਨਾਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ। ਏਅਰਲਾਈਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਹ ਆਪਣੇ ਗਾਹਕਾਂ ਤੇ ਸਟਾਫ ਦੀ ਸੁਰੱਖਿਆ ਲਈ ਚੁੱਕਿਆ ਗਿਆ ਕਦਮ ਹੈ ਅਤੇ ਇਸ ਮਿਆਦ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਆਪਣੀਆਂ ਸੇਵਾਵਾਂ ਨੂੰ ਘੱਟ ਰੱਖਿਆ ਜਾਵੇਗਾ।

ਸੰਯੁਕਤ ਅਰਬ ਅਮੀਰਾਤ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 113 ਪੁਸ਼ਟੀ ਕੀਤੇ ਮਾਮਲੇ ਆ ਚੁੱਕੇ ਹਨ, ਜਦੋਂ ਵਾਇਰਸ ਕਾਰਨ ਆਜੇ ਤੱਕ ਦੇਸ਼ ਵਿਚ ਕੋਈ ਮੌਤ ਨਹੀਂ ਹੋਈ ਹੈ। ਉਥੇ ਹੀ ਭਾਰਤ ਵਿਚ ਵਾਇਰਸ ਦੇ 174 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News