ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਵਾਤਾਵਰਣੀ ਪ੍ਰਦੂਸ਼ਕ
Friday, Sep 14, 2018 - 11:28 PM (IST)

ਵਾਸ਼ਿੰਗਟਨ— ਤੇਜ਼ੀ ਨਾਲ ਫੈਲਣ ਵਾਲੇ ਕੁਝ ਵਾਤਾਵਰਣੀ ਪ੍ਰਦੂਸ਼ਕ ਤੁਹਾਡੇ ਗੁਰਦਿਆਂ ਦੀ ਸਿਹਤ 'ਤੇ ਨੁਕਸਾਨਦੇਹ ਅਸਰ ਪਾ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਅਜਿਹਾ ਕਿਹਾ ਗਿਆ ਹੈ। ਅਮਰੀਕਾ ਦੀ ਡਿਊਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਪੀ. ਐੱਫ. ਏ. ਐੱਸ. ਉਦਯੋਗਿਕ ਪ੍ਰਕਿਰਿਆਵਾਂ ਅਤੇ ਉਪਭੋਗਤਾ ਉਤਪਾਦਾਂ ਵਿਚ ਵਰਤੋਂ ਹੋਣ ਵਾਲੇ ਨਾਨ ਬਾਇਓਡੀਗ੍ਰੇਡੇਬਲ (ਸੁਭਾਵਿਕ ਤਰੀਕੇ ਨਾਲ ਨਾ ਸੜਨ ਵਾਲੇ) ਪਦਾਰਥਾਂ ਦਾ ਇਕ ਵੱਡਾ ਸਮੂਹ ਹੈ ਅਤੇ ਇਹ ਵਾਤਾਵਰਣ 'ਚ ਹਰ ਥਾਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਦੂਸ਼ਿਤ ਮਿੱਟੀ, ਪਾਣੀ, ਖਾਣੇ ਅਤੇ ਹਵਾ ਰਾਹੀਂ ਪੀ. ਐੱਫ. ਏ. ਐੱਸ. ਦੇ ਸੰਪਰਕ ਵਿਚ ਆਉਂਦੇ ਹਨ। ਪੀ. ਐੱਫ. ਏ. ਐੱਸ. ਦੇ ਸੰਪਰਕ ਨਾਲ ਗੁਰਦੇ ਦੇ ਪੈਣ ਵਾਲੇ ਪ੍ਰਭਾਵਾਂ ਦੀ ਜਾਂਚ ਲਈ ਖੋਜਕਾਰਾਂ ਨੇ ਹੋਰ ਪ੍ਰਾਸੰਗਿਕ ਅਧਿਐਨ ਨੂੰ ਖੰਗਾਲਿਆ।
ਡਿਊਕ ਯੂਨੀਵਰਸਿਟੀ ਦੇ ਜਾਨ ਸਟੇਨੀਫਰ ਨੇ ਕਿਹਾ ਕਿ ਗੁਰਦੇ ਬੇਹੱਦ ਸੰਵੇਦਨਸ਼ੀਲ ਅੰਗ ਹਨ, ਖਾਸ ਕਰਕੇ ਗੱਲ ਜਦੋਂ ਵਾਤਾਵਰਣ ਦੇ ਗੰਦੇ ਤੱਤਾਂ ਦੀ ਹੋਵੇ, ਜੋ ਸਾਡੇ ਖੂਨ ਦੇ ਪ੍ਰਵਾਹ ਵਿਚ ਦਾਖਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਹੁਣ ਬਹੁਤ ਸਾਰੇ ਲੋਕ ਪੀ. ਐੱਫ. ਏ. ਐੱਸ. ਰਸਾਇਣਾਂ ਅਤੇ ਉਨ੍ਹਾਂ ਦੇ ਬਦਲ ਦੇ ਤੌਰ 'ਤੇ ਤਿਆਰ ਹੋ ਰਹੇ ਜੈਨ. ਐਕਸ ਵਰਗੇ ਵੱਡੇ ਪੈਮਾਨੇ 'ਤੇ ਬਣਾਏ ਜਾ ਰਹੇ ਨਵੇਂ ਏਜੰਟਾਂ ਦੇ ਸੰਪਰਕ ਵਿਚ ਆ ਰਹੇ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਹੋਰ ਕਿਹੋ ਜਿਹੇ ਰਸਾਇਣ ਗੁਰਦੇ ਦੀ ਬੀਮਾਰੀ ਲਈ ਜ਼ਿੰਮੇਵਾਰ ਹੋ ਸਕਦੇ ਹਨ।