ਬ੍ਰਿਸਬੇਨ ’ਚ ਹੋਣ ਵਾਲੀਆਂ 35ਵੀਆਂ ਸਿੱਖ ਖੇਡਾਂ ਬਾਰੇ ਐਨਸੈਕ ਕੁਈਨਜ਼ਲੈਂਡ ਦੀ ਪਲੇਠੀ ਮੀਟਿੰਗ

Saturday, Apr 23, 2022 - 03:31 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਵਿਸ਼ਵ ਭਰ ’ਚ ਪੰਜਾਬੀ ਭਾਈਚਾਰੇ ਦੀ ਪਛਾਣ ਬਣ ਚੁੱਕੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਹਾਲ ਹੀ ’ਚ ਨਿਊ ਸਾਊਥ ਵੇਲਜ਼ ਸੂਬੇ ਦੇ ਇਤਿਹਾਸਕ ਕਸਬੇ ਕਾਫ਼ਸ ਹਾਰਬਰ/ਵੂਲਗੂਲਗਾ ਵਿਖੇ ਸੰਪੰਨ ਹੋਈਆਂ ਹਨ। ਅਗਲੀਆਂ ਸਿੱਖ ਖੇਡਾਂ ਕੁਈਨਜ਼ਲੈਂਡ ਸੂਬੇ ਦੇ ਸਦਰ ਮੁਕਾਮ ਸ਼ਹਿਰ ਬ੍ਰਿਸਬੇਨ ਵਿਖੇ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੀ ਤਿਆਰੀ ਲਈ ਸ਼ਹਿਰ ਦੇ ਸਾਰੇ ਐਫੀਲਿਏਟਿਡ ਕਲੱਬਾਂ ’ਤੇ ਅਧਾਰਿਤ ਬਣਾਈ ਗਈ ਕਮੇਟੀ ਦੀ ਪਲੇਠੀ ਮੀਟਿੰਗ ਸੂਬਾਈ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅਤੇ ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਾਰਾਏ ਦੀ ਦੇਖ-ਰੇਖ ’ਚ ਕਮੇਟੀ ਦੇ ਸੈਕਟਰੀ ਜਗਦੀਪ ਸਿੰਘ ਭਿੰਡਰ ਦੇ ਸੱਦੇ ’ਤੇ ਸਟੋਨਸ ਕਾਰਨਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਸਿੱਖ ਖੇਡਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜ ਪ੍ਰਣਾਲੀ ਅਤੇ ਹੋਰ ਪਹਿਲੂਆਂ ’ਤੇ ਚਾਨਣਾ ਪਾਇਆ। ਪ੍ਰਧਾਨ ਦਲਜੀਤ ਸਿੰਘ ਧਾਮੀ ਨੇ ਸਭ ਤੋਂ ਪਹਿਲਾਂ ਖੇਡਾਂ ਲਈ ਸੁਝਾਏ ਗਏ ਖੇਡ ਸਥਾਨਾਂ ਬਾਰੇ ਚਰਚਾ ਸ਼ੁਰੂ ਕੀਤੀ ਅਤੇ ਹਾਜ਼ਰੀਨ ਮੈਂਬਰਾਂ ਤੋਂ ਰਾਇ ਲੈ ਕੇ ਕਾਰਵਾਈ ਨੂੰ ਅੱਗੇ ਤੋਰਿਆ। ਨਾਰੀ ਪ੍ਰਤੀਨਿਧ ਮਨਵਿੰਦਰਜੀਤ ਕੌਰ ਨੇ ਸੱਭਿਆਚਾਰਕ ਪੱਖ ਤੋਂ ਆਪਣੇ ਮੁੱਲਵਾਨ ਸੁਝਾਅ ਦਿੱਤੇ। ਬ੍ਰਿਸਬੇਨ ਦੀ ਸੀਨੀਅਰ ਹਸਤੀ ਗੈਰੀ ਕੰਗ ਨੇ ਆਪਣੇ ਤਜਰਬੇ ’ਚੋਂ ਕਾਫ਼ੀ ਨੁਕਤਿਆਂ ਨਾਲ ਸਾਂਝ ਪਵਾਉਂਦਿਆਂ ਹਰ ਸੰਭਵ ਸਹਾਇਤਾ ਦਾ ਵਾਅਦਾ ਕੀਤਾ। ਇਸ ਮੀਟਿੰਗ ’ਚ ਰਣਦੀਪ ਜੌਹਲ ਨੇ ਖੇਡਾਂ ਨੂੰ ਹੋਰ ਵਧੀਆ ਬਣਾਉਣ ਲਈ ਆਪਣੀ ਰਾਇ ਪੇਸ਼ ਕਰਦਿਆਂ ਕਿਹਾ ਕਿ ਇਹ ਖੇਡਾਂ ਸਾਰੇ ਸਿੱਖ ਭਾਈਚਾਰੇ ਦੀ ਪਛਾਣ ਹਨ, ਇਸ ਕਰਕੇ ਸਾਰਿਆਂ ਨੂੰ ਸਮਰਪਣ ਨਾਲ ਇਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।

ਮੀਟਿੰਗ ਦੀ ਪੂਰੀ ਕਾਰਵਾਈ ਨੂੰ ਸੈਕਟਰੀ ਜਗਦੀਪ ਭਿੰਡਰ ਨੇ ਰਿਕਾਰਡਬੱਧ ਕਰਦਿਆਂ ਏਜੰਡੇ ਦੇ ਹਰ ਪੱਖ ਬਾਰੇ ਆਏ ਵਿਚਾਰਾਂ ਨੂੰ ਸ਼ੁੱਭ ਸ਼ਗਨ ਦੱਸਿਆ। ਇਸ ਮੀਟਿੰਗ ’ਚ ਕੈਲਮਵੇਲ ਕ੍ਰਿਕਟ ਕਲੱਬ ਤੋਂ ਊਧਮ ਸਿੰਘ, ਨਵਜੋਤ ਸਿੰਘ, ਪੰਜਾਬ ਵਾਰੀਅਰਜ਼ ਸਪੋਰਟਸ ਕਲੱਬ ਬ੍ਰਿਸਬੇਨ ਤੋਂ ਅਮਰਦੀਪ ਸਿੰਘ ਗਿੱਲ, ਸਿਮਰਨਜੀਤ ਸਿੰਘ, ਮਾਝਾ ਯੂਥ ਕਲੱਬ ਤੋਂ ਬਲਰਾਜ ਸਿੰਘ ਸੰਧੂ, ਅਮਨਦੀਪ ਸਿੰਘ, ਬ੍ਰਿਸਬੇਨ ਸਪੋਰਟਸ ਕਲੱਬ ਤੋਂ ਸੁਖਦੇਵ ਸਿੰਘ ਵਿਰਕ, ਸਿੰਘ ਸਪਾਈਕਰਜ਼ ਕਲੱਬ ਤੋਂ ਸੰਦੀਪ ਸਿੰਘ, ਇੰਡੀਅਨ ਕਲਚਰਲ ਅਤੇ ਸਪੋਰਟਸ ਕਲੱਬ ਤੋਂ ਜਗਦੀਪ ਭਿੰਡਰ, ਮਨਵਿੰਦਰਜੀਤ ਕੌਰ ਚਾਹਲ, ਪਵਿੱਤਰ ਕੁਮਾਰ ਨੂਰੀ, ਜਗਦੇਵ ਸਿੰਘ ਕਲੇਰ ਸਿੰਘ ਸਭਾ ਬ੍ਰਿਸਬੇਨ ਤੋਂ ਰਣਦੀਪ ਸਿੰਘ ਜੌਹਲ, ਨਿਊ ਫ਼ਾਰਮ ਪੰਜਾਬੀ ਕਲੱਬ ਤੋਂ ਗੁਰਮੀਤ ਕੰਗ, ਇੰਡੋਜ਼ ਸਪੋਰਟਸ ਕਲੱਬ ਵੱਲੋਂ ਸਰਬਜੀਤ ਸੋਹੀ ਅਤੇ ਜਤਿੰਦਰ ਨਿੱਝਰ ਨੇ ਮੀਟਿੰਗ ’ਚ ਹਾਜ਼ਰੀ ਭਰੀ। ਇਸ ਮੀਟਿੰਗ ’ਚ ਜ਼ਰੂਰੀ ਕਾਰਨਾਂ ਕਰਕੇ ਫ਼ਤਿਹ ਕਲੱਬ, ਲੋਗਨ ਕਲੱਬ, ਬ੍ਰਿਸਬੇਨ ਸਿੱਖ ਯੂਨਾਈਟਿਡ, ਬ੍ਰਿਸਬੇਨ ਕਬੱਡੀ ਕਲੱਬ, ਕੂਕਾਬੂਰਾ ਹਾਕੀ ਕਲੱਬ, ਨਾਰਥ ਕੁਈਨਜ਼ਲੈਂਡ ਕਲੱਬ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਕਵੀਨਜ਼ਲੈਂਡ ਦੇ ਨੁਮਾਇੰਦੇ ਹਾਜ਼ਰ ਨਹੀਂ ਹੋ ਸਕੇ। ਅੰਤ ’ਚ ਪ੍ਰਧਾਨ ਦਲਜੀਤ ਸਿੰਘ ਧਾਮੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਖੇਡਾਂ ਹੋਣ ਤੱਕ ਹਰ ਮਹੀਨੇ ਮੀਟਿੰਗ ਦਾ ਆਯੋਜਨ ਕੀਤਾ ਜਾਏਗਾ। 
 


Manoj

Content Editor

Related News