ਇੰਗਲੈਂਡ ''ਚ ਵੱਖਵਾਦੀਆਂ ਦੇ ਹੌਂਸਲੇ ਬੁਲੰਦ, ਗਣਤੰਤਰ ਦਿਵਸ ਮੌਕੇ ਪੁਲਸ ਮੌਜੂਦਗੀ ''ਚ ਤਿਰੰਗੇ ਦੀ ਮੁੜ ਬੇਅਦਬੀ
Sunday, Jan 28, 2024 - 03:56 PM (IST)
ਲੰਡਨ (ਏਜੰਸੀ)- ਇੰਗਲੈਂਡ ਵਿੱਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਲੰਡਨ ਅੰਬੈਸੀ ਬਾਹਰ ਗਣਤੰਤਰ ਦਿਵਸ ਦੇ ਵਿਰੋਧ ਪ੍ਰਦਰਸਨ ਵਿੱਚ ਇਕੱਤਰ ਸਿੱਖ ਵੱਖਵਾਦੀਆਂ ਨੇ ਪੁਲਸ ਮੌਜੂਦਗੀ ਵਿੱਚ ਤਿਰੰਗਾ ਨੂੰ ਅਗਨ ਭੇਟ ਕਰਕੇ ਮੁੜ ਘੋਰ ਬੇਅਦਬੀ ਕੀਤੀ। ਬੀਤੇ ਵਰ੍ਹੇ ਮਾਰਚ ਵਿੱਚ ਭਾਰਤੀ ਅੰਬੈਸੀ 'ਤੇ ਹਮਲਾ ਕਰਕੇ ਲੱਗੇ ਤਿਰੰਗੇ ਨੂੰ ਵੱਖਵਾਦੀਆਂ ਨੇ ਉਤਾਰ ਦਿੱਤਾ ਸੀ। ਅੰਬੈਸੀ ਦੀ ਭੰਨਤੋੜ ਕਰਨ ਅਤੇ ਅਨੇਕਾਂ ਭਾਰਤੀ ਮੁਲਾਜ਼ਮਾਂ ਨੂੰ ਸਖ਼ਤ ਫੱਟੜ ਕਰਨ ਦਾ ਮਾਮਲਾ ਅਜੇ ਦੋਵੇ ਸਰਕਾਰਾਂ ਤੇ ਐਨ.ਆਈ.ਏ ਦੇ ਵਿਚਾਰ ਅਧੀਨ ਹੈ। ਬੀਤੇ ਸਾਲ ਵਾਪਰੀ ਇਸ ਘਟਨਾ ਵਿੱਚ ਪੁਲਸ ਤੇ ਸਰਕਾਰ ਨੇ ਸ਼ਾਮਲ ਲੋਕਾਂ ਨੂੰ ਕੁਝ ਸਮੇ ਗ੍ਰਿਫ਼ਤਾਰ ਕਰ ਛੱਡ ਦਿੱਤਾ ਗਿਆ ਸੀ ਅਤੇ ਇਸ ਘਟਨਾ ਦਾ ਮੁੱਖ ਸਾਜਿਸ ਕਰਤਾ ਅਵਤਾਰ ਸਿੰਘ ਖੰਡਾ ਬੀਤੇ ਵਰ੍ਹੇ ਇਕ ਹਸਪਤਾਲ ਵਿੱਚ ਮਰ ਗਿਆ ਸੀ। ਵੱਖਵਾਦੀ ਜਥੇਬੰਦੀਆਂ ਖੰਡਾ ਦੀ ਮੌਤ ਨੂੰ ਲੇ ਭਾਰਤ 'ਤੇ ਦੋਸ਼ ਲਾ ਪੁਲਸ ਜਾਂਚ ਦੀ ਲਗਾਤਾਰ ਮੰਗ ਕਰ ਰਹੀਆਂ ਹਨ ਜਦੋ ਕਿ ਖੰਡਾ ਬਲੱਡ ਕੈਂਸਰ ਦਾ ਪੀੜਤ ਦੱਸਿਆ ਜਾਂਦਾ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ, ਸਿੱਖਸ ਫਾਰ ਜਸਟਿਸ ਸਮੇਤ ਸਿੱਖ ਜਥੇਬੰਦੀਆਂ ਵਲੋਂ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਲੰਡਨ ਵਿੱਚ ਭਾਰਤੀ ਅੰਬੈਸੀ ਬਾਹਰ ਇਕੱਤਰ ਹੋਏ ਸਨ। ਇਸ ਮੌਕੇ ਵਿਦੇਸ਼ਾਂ ਵਿੱਚ ਭਾਰਤ ਸਰਕਾਰ ਦੇ ਵੱਧ ਰਹੇ ਪ੍ਰਭਾਵ 'ਤੇ ਦੋਸ਼ ਲਾਉਂਦਿਆਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਖ਼ਿਲਾਫ਼ ਅਤੇ ਲੰਬੇ ਅਰਸੇ ਤੋਂ ਪਾਕਿਸਤਾਨ ਵਿੱਚ ਆਈ.ਐਸ.ਆਈ ਏਜੰਸੀ ਦੀ ਮਹਿਮਾਨ ਨਿਵਾਜੀ ਦਾ ਨਿੱਘ ਮਾਣ ਰਹੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੱਬਰ, ਮਹਿਲ ਸਿੰਘ ਬੱਬਰ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਰਣਜੀਤ ਸਿੰਘ ਨੀਟਾ ਅਤੇ ਦਲ ਖਾਲਸਾ ਦੇ ਹਾਈਜੈਕਰ ਗਜਿੰਦਰ ਸਿੰਘ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ ਤੇ ਪਾਕਿ ਸਰਕਾਰ ਤੋਂ ਸੁਰੱਖਿਆ ਛਤਰੀ ਦੀ ਅਪੀਲ ਕੀਤੀ ਗਈ।
ਇਸ ਮੁਜਹਾਰੇ ਨੂੰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਜੋਗਾ ਸਿੰਘ ਸਮੇਤ ਸਿੱਖ ਫੈਡਰੇਸ਼ਨ ਯੂ.ਕੇ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ, ਜਨਰਲ ਸਕੱਤਰ ਦਵਿਦਰਜੀਤ ਸਿੰਘ, ਕੁਲਵੰਤ ਸਿੰਘ ਮੁਠੱਡਾ, ਸਿੱਖਸ ਫਾਰ ਜਸਟਿਸ ਤੇ ਬੱਬਰ ਖਾਲਸਾ ਦੇ ਪਰਮਜੀਤ ਸਿੰਘ ਪੰਮਾ, ਵਲਰਡ ਸਿੱਖ ਪਾਰਲੀਮੈਂਟ ਦੇ ਜਨਰਲ ਮਨਪ੍ਰੀਤ ਸਿੰਘ, ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਕੌਂਸਲ ਆਫ ਖਾਲਿਸਤਾਨ ਦੇ ਆਗੂ ਅਮਰੀਕ ਸਿੰਘ ਸਹੋਤਾ, ਰਣਜੀਤ ਸਿੰਘ ਸਰਾਏ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਜਸਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਦੇ ਜਸਪਾਲ ਸਿੰਘ ਬੈਂਸ, ਹਰਦੀਸ਼ ਸਿੰਘ ਸਮੇਤ ਸਿੱਖ ਆਗੂਆਂ ਵਲੋਂ ਭਾਰਤ ਸਰਕਾਰ ਨੂੰ ਵੰਗਾਰਦਿਆਂ ਆਖਿਆ ਕਿ ਸਿੱਖ ਕੌਮ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖੇਗੀ। ਭਾਰਤ ਸਰਕਾਰ ਦਾ ਕੋਈ ਵੀ ਜੁਲਮ ਖਾਲਿਸਤਾਨ ਦੇ ਸੰਘਰਸ਼ ਨੂੰ ਦਬਾ ਨਹੀ ਸਕੇਗਾ। ਇਸ ਰੋਸ ਮੁਜਾਹਰੇ ਦੌਰਾਨ ਸ਼ਾਮਲ ਹੋਏ ਵੱਖਵਾਦੀ ਸਿੱਖਾਂ ਵਲੋਂ ਵਧਾਵਾ ਸਿੰਘ ਬੱਬਰ, ਰਣਜੀਤ ਸਿੰਘ ਨੀਟਾ, ਮਹਿਲ ਸਿੰਘ ਬੱਬਰ, ਗਜਿੰਦਰ ਸਿੰਘ ਤੇ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਨਿੱਝਰ ਦੀਆਂ ਤਸਵੀਰਾਂ ਵਾਲੇ ਬੋਰਡ ਹੱਥਾਂ ਵਿੱਚ ਫੜੇ ਹੋਏ ਸਨ ਅਤੇ ਘੱਲੂਘਾਰਾ ਜੂਨ 1984 ਦੌਰਾਨ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ, ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਤੇ ਸਰਕਾਰ ਵਲੋਂ ਕੀਤੇ ਗਏ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਲਗਾਏ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਅਮਰੀਕਾ ਸਬੰਧਾਂ 'ਚ ਕ੍ਰਾਂਤੀਕਾਰੀ ਤਬਦੀਲੀਆਂ ਆ ਰਹੀਆਂ ਹਨ : ਰਾਜਦੂਤ ਸੰਧੂ
ਵੱਖ-ਵੱਖ ਵੱਖਵਾਦੀ ਬੁਲਾਰਿਆਂ ਵਲੋਂ ਭਾਰਤ ਨੂੰ ਨਿੰਦਣ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾ ਨੂੰ ਸਿੱਖਾਂ ਦੀ ਬਾਂਹ ਫੜਨ ਲਈ ਤੇ ਸਿੱਖ ਕੌਮ ਦਾ ਸਾਥ ਦੇਣ ਲਈ ਆਖਿਆ ਗਿਆ। ਇਸ ਮੌਕੇ ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ ਖਾਲਸਾ ਨਾਹਰੇ ਨਿਰੰਤਰ ਲੱਗਦੇ ਰਹੇ। ਰੋਸ ਮੁਜਾਹਰੇ ਦੇ ਅਖੀਰ ਵਿੱਚ ਪੁਲਸ ਦੀ ਮੌਜ਼ੂਦਗੀ ਵਿੱਚ ਤਿਰੰਗੇ ਨੂੰ ਅੱਗ ਲਗਾ ਕੇ ਸਾੜਿਆ ਗਿਆ ਤੇ ਪੁਲਸ ਮੂਕ ਦਰਸ਼ਕ ਬਣ ਵੇਖਦੀ ਰਹੀ। ਸੂਤਰਾਂ ਮੁਤਾਬਕ ਕਿਸੇ ਵੀ ਸਿੱਖ ਵੱਖਵਾਦੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਨਹੀ ਕੀਤਾ।
ਦੋ ਮੂੰਹ ਵਾਲੇ ਸਿੱਖ ਆਗੂ…
ਇਸ ਰੋਸ ਮੁਜ਼ਾਹਰੇ ਵਿੱਚ ਭਾਰਤੀ ਮੁੱਖ ਧਾਰਾ ਵਿੱਚ ਸ਼ਾਮਲ ਅਨੇਕਾਂ ਸਿੱਖ ਆਗੂ ਵੀ ਸ਼ਾਮਲ ਸਨ ਜੋ ਪਰਿਵਾਰਾਂ ਸਮੇਤ ਅਨੇਕਾਂ ਵਾਰ ਪੰਜਾਬ ਦੀ ਸੈਰ ਕਰ ਚੁੱਕੇ ਹਨ ਤੇ ਅੰਬੈਸੀ ਬਾਹਰ ਭਾਰਤ ਵਿਰੋਧੀ ਨਾਅਰੇ ਲਗਾ ਰਹੇ ਸਨ। ਇਸ ਘਟਨਾ ਨੂੰ ਲੈ ਕੇ ਅਨੇਕਾਂ ਭਾਰਤੀ ਨੇ ਸਖ਼ਤ ਇਤਰਾਜ਼ ਉਠਾਦਿਆ ਵਿਦੇਸ਼ਾਂ ਵਿੱਚ ਭਾਰਤੀ ਤਿਰੰਗੇ ਦੀ ਵਿਕਰੀ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਤਿਰੰਗੇ ਦੇ ਸਨਮਾਨ ਲਈ ਭਾਰਤੀ ਅੰਬੈਸੀ ਹੀ ਤਿਰੰਗੇ ਨੂੰ ਸਨਮਾਨ ਸਹਿਤ ਭਾਰਤੀ ਸੰਸਥਾਵਾਂ ਨੂੰ ਦੇਣ ਤੇ ਰਿਕਾਰਡ ਰੱਖਣ ਤਾਂ ਜੋ ਵਿਦੇਸ਼ੀ ਧਰਤੀ 'ਤੇ ਹੋ ਰਹੀ ਬੇਅਦਬੀ ਨੂੰ ਰੋਕਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।