ਇੰਗਲੈਂਡ : ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਦੀਆਂ ਕੁਝ ਕਿਸਮਾਂ ’ਤੇ ਲੱਗੇਗੀ ਪਾਬੰਦੀ
Saturday, Aug 28, 2021 - 10:19 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ’ਚ ਸਰਕਾਰ ਵੱਲੋਂ ਵਾਤਾਵਰਣ ’ਚੋਂ ਪ੍ਰਦੂਸ਼ਣ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਿੰਗਲ-ਯੂਜ਼ ਪਲਾਸਟਿਕ ਪਲੇਟਾਂ, ਕਟਲਰੀ ਅਤੇ ਪੌਲੀਸਟਾਈਰੀਨ ਕੱਪਾਂ 'ਤੇ ਪਾਬੰਦੀ ਲਗਾਈ ਜਾਵੇਗੀ। ਇਸ ਯੋਜਨਾ ਲਈ ਆਉਂਦੇ ਹਫਤਿਆਂ ’ਚ ਇੱਕ ਜਨਤਕ ਸਲਾਹ-ਮਸ਼ਵਰਾ ਸ਼ੁਰੂ ਹੋਵੇਗਾ ਅਤੇ ਇੱਕ-ਦੋ ਸਾਲਾਂ ’ਚ ਇਹ ਪਾਬੰਦੀ ਲਾਗੂ ਹੋ ਸਕਦੀ ਹੈ। ਸਰਕਾਰ ਅਨੁਸਾਰ ਇੰਗਲੈਂਡ ’ਚ ਇੱਕ ਵਿਅਕਤੀ ਹਰ ਸਾਲ ਔਸਤਨ 18 ਸੁੱਟਣ ਵਾਲੀਆਂ ਪਲਾਸਟਿਕ ਦੀਆਂ ਪਲੇਟਾਂ 37 ਸਿੰਗਲ-ਯੂਜ਼ ਚਾਕੂਆਂ, ਕਾਂਟੇ ਅਤੇ ਚਮਚਿਆਂ ਦੀ ਵਰਤੋਂ ਕਰਦਾ ਹੈ। ਇਹ ਪਲਾਸਟਿਕ ਦਾ ਕੂੜਾ ਹਰ ਸਾਲ ਦੁਨੀਆ ਭਰ ’ਚ ਇੱਕ ਮਿਲੀਅਨ ਤੋਂ ਵੱਧ ਪੰਛੀਆਂ ਅਤੇ 1,00,000 ਸਮੁੰਦਰੀ ਜੀਵਾਂ ਅਤੇ ਕੱਛੂਕੁੰਮਿਆਂ ਨੂੰ ਮਾਰਦਾ ਹੈ। ਇਸ ਪਾਬੰਦੀ ਤੋਂ ਇਲਾਵਾ ਸਰਕਾਰ ਅਪ੍ਰੈਲ 2022 ਤੋਂ ਪਲਾਸਟਿਕ ਪੈਕੇਜਿੰਗ ਟੈਕਸ ਵੀ ਲਗਾਏਗੀ। ਇਸ ਤਹਿਤ 30 ਫੀਸਦੀ ਤੋਂ ਘੱਟ ਰੀਸਾਈਕਲ ਸਮੱਗਰੀ ਵਾਲੇ ਇੱਕ ਟਨ ਪਲਾਸਟਿਕ ਲਈ 200 ਪੌਂਡ ਵਸੂਲੇ ਜਾਣਗੇ।
ਜੂਨ ’ਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ ਪਲਾਸਟਿਕ ਦੀ ਇਕ ਵਾਰ ਵਰਤੋਂ ਵਾਲੇ ਬੈਗ, ਪਲਾਸਟਿਕ ਦੀਆਂ ਬੋਤਲਾਂ, ਭੋਜਨ ਦੇ ਰੈਪਰ ਆਦਿ ਸਮੁੰਦਰ ਅਤੇ ਵਾਤਾਵਰਣ ’ਚ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਨ ਹਨ। ਇਸ ਤੋਂ ਇਲਾਵਾ 2020 ’ਚ ਹੋਈ ਇੱਕ ਖੋਜ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਅਤੇ ਯੂ. ਕੇ. ਦੇ ਲੋਕਾਂ ਨੇ ਕਿਸੇ ਵੀ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਵਧੇਰੇ ਪਲਾਸਟਿਕ ਕਚਰਾ ਪੈਦਾ ਕੀਤਾ ਹੈ। ਇੰਗਲੈਂਡ ਦੇ ਜ਼ਿਆਦਾਤਰ ਵਾਤਾਵਰਣ ਸਮੂਹ ਸਰਕਾਰ ਦੀ ਇਸ ਯੋਜਨਾ ਦਾ ਸਮਰਥਨ ਕਰ ਰਹੇ ਹਨ ਅਤੇ ਸਰਕਾਰ ਨੂੰ ਇਹ ਪਾਬੰਦੀ ਜਲਦੀ ਲਗਾਉਣ ਦੀ ਮੰਗ ਕਰ ਰਹੇ ਹਨ।