ਇੰਗਲੈਂਡ ''ਚ ਸਿਮਰਜੀਤ ਸਿੰਘ ਤੇ ਸਾਥੀ ਕਲਾਕਾਰਾਂ ਨੇ ਸਾਂਝੇ ਕੀਤੇ ਅਨੁਭਵ

08/20/2019 4:21:51 PM

ਲੰਡਨ (ਮਨਦੀਪ ਖੁਰਮੀ)— ਕਿਸੇ ਵੀ ਖੇਤਰ ਵਿੱਚ ਆਪਣੀ ਪਛਾਣ ਕਾਇਮ ਕਰਨ ਵਿੱਚ ਜਿੱਥੇ ਅਣਥੱਕ ਮਿਹਨਤ ਆਪਣਾ ਅਸਰ ਦਿਖਾਉਂਦੀ ਹੈ, ਉੱਥੇ ਉਸ ਮਿਹਨਤ ਨੂੰ ਪ੍ਰਵਾਨ ਚੜ੍ਹਾਉਣ ਲਈ ਕਦਰਦਾਨ ਲਿਆਕਤਮੰਦ ਸਿਰਾਂ ਦਾ ਯੋਗਦਾਨ ਵੀ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਸ਼ੁਹਰਤ ਮਿਲਣੀ ਅਜੇ ਸੌਖੀ ਹੈ ਪਰ ਉਸਨੂੰ ਬਰਕਰਾਰ ਰੱਖਣਾ ਤੇ ਚਾਹਵਾਨਾਂ ਦੀਆਂ ਨਜ਼ਰਾਂ 'ਚ ਇੱਜ਼ਤ ਬਣਾਈ ਰੱਖਣਾ ਬੇਹੱਦ ਮੁਸ਼ਕਿਲ ਕਾਰਜ ਹੈ। ਜਿਹੜਾ ਇਨਸਾਨ ਇਹਨਾਂ ਸੰਜੀਦਾ ਗੱਲਾਂ ਨੂੰ ਦਿਮਾਗ 'ਚ ਰੱਖ ਕੇ ਅੱਗੇ ਤੁਰਦਾ ਹੈ, ਉਹ ਲੋਕਾਂ ਕੋਲੋਂ ਬਿਨਾਂ ਮੰਗੇ ਆਖਰੀ ਸਾਹ ਤੱਕ ਪਿਆਰ ਹਾਸਲ ਕਰਦਾ ਰਹਿੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਫਿਲਮ ਜਗਤ ਵਿੱਚ ਚਰਚਿਤ ਡਾਇਰੈਕਟਰ ਸਿਮਰਜੀਤ ਸਿੰਘ ਨੇ ਵਿਸ਼ੇਸ਼ ਮਿਲਣੀ ਦੌਰਾਨ ਕੀਤਾ । 

ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੇ ਸੰਬੰਧ ਵਿੱਚ ਇੰਗਲੈਂਡ ਦੌਰੇ 'ਤੇ ਆਏ ਸਿਮਰਜੀਤ ਸਿੰਘ, ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਪ੍ਰਕਾਸ਼ ਗਾਧੂ, ਸੁੱਖੀ ਚਾਹਲ, ਰਵਿੰਦਰ ਮੰਡ, ਚਰਨਜੀਤ ਸੰਧੂ ਨੇ ਆਪਣੇ ਕਲਾ ਖੇਤਰ ਨਾਲ ਸੰਬੰਧਤ ਕੌੜੇ ਮਿੱਠੇ ਤਜ਼ਰਬਿਆਂ ਦੀ ਦਾਸਤਾਨ ਰੌਚਕ ਢੰਗ ਨਾਲ ਪੇਸ਼ ਕਰਦਿਆਂ ਦੱਸਿਆ ਕਿ ਦਰਸ਼ਕ ਦੀ ਰੂਹ ਦੀ ਖੁਰਾਕ ਤਿਆਰ ਕਰਨ ਲਈ ਕਲਾਕਾਰ ਨੂੰ ਆਪਣੇ ਮਨ 'ਤੇ ਬਹੁਤ ਕੁਝ ਹੰਢਾਉਣਾ ਪੈਂਦਾ ਹੈ। ਕਈ ਵਾਰ ਆਸੇ-ਪਾਸੇ ਦਾ ਮਾਹੌਲ ਸੁਖਦ ਹੁੰਦਾ ਹੈ ਪਰ ਇੱਕ ਕਲਾਕਾਰ ਵਜੋਂ ਉਦਾਸ ਪਲਾਂ ਦੀ ਪੇਸ਼ਕਾਰੀ ਕਰਨ ਲਈ ਇੱਕ ਵੱਖਰੀ ਦੁਨੀਆ ਦਾ ਪਾਤਰ ਬਣ ਕੇ ਵਿਚਰਨਾ ਪੈਂਦਾ ਹੈ। 

ਵਿਸ਼ਵ ਪ੍ਰਸਿੱਧ ਨਾਵਲਕਾਰ, ਫਿਲਮ ਪਟਕਥਾ ਤੇ ਸੰਵਾਦ ਲੇਖਕ ਸ਼ਿਵਚਰਨ ਜੱਗੀ ਕੁੱਸਾ, ਸਾਹਿਤ ਸੱਭਿਆਚਾਰ ਤੇ ਖੇਡ ਜਗਤ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਅਨਿਲ ਸ਼ਰਮਾ ਨੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਕਲਾਕਾਰ ਕਿਸੇ ਵੀ ਖਿੱਤੇ ਦੇ ਦੂਤ ਹੁੰਦੇ ਹਨ ਤੇ ਉਹਨਾਂ ਨੂੰ ਕਦਮ ਦਰ ਕਦਮ ਉਤਸ਼ਾਹਿਤ ਕਰਨਾ ਵੀ ਸਾਡਾ ਸਭ ਦਾ ਸਾਂਝਾ ਫਰਜ਼ ਹੈ।


Related News