ਫਗਵਾੜਾ ਦੇ ਜੰਮਪਲ 67 ਸਾਲਾਂ ਬਜੁਰਗ ਦੀ ਕੋਰੋਨਾ ਕਾਰਨ ਇੰਗਲੈਂਡ ''ਚ ਮੌਤ

2020-04-20T19:00:36.777

ਲੰਡਨ (ਰਾਜਵੀਰ ਸਮਰਾ): ਕੋਰੋਨਾ ਦੇ ਮੌਤ ਵਾਲੇ ਦੈਂਤ ਨੇ ਜਿੱਥੇ ਸਮੁੱਚੀ ਦੁਨੀਆ ਨੂੰ ਵਿੱਚ ਆਪਣਾ ਕਹਿਰ ਵਰਤਾਇਆ ਹੋਇਆ ਹੈ ।ਉਥੇ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਸਹਾਇਕ ਸਕੱਤਰ ਸਤਨਾਮ ਸਿੰਘ ਵਿਰਦੀ ਨੂੰ ਮੌਤ ਰੂਪੀ ਦੈਂਤ ਆਪਣੇ ਕਲਾਵੇ ਵਿੱਚ ਲੈ ਲਿਆ।  ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ | ਉਹ ਫਗਵਾੜਾ ਨੇੜੇ ਪਿੰਡ ਖੋਥੜਾਂ ਕਲਾਂ ਦੇ ਜੰਮਪਲ ਸਨ ਅਤੇ 67 ਸਾਲਾਂ ਦੇ ਸਨ | ਉਹ 1970 ਵਿਚ ਬਰਤਾਨੀਆ ਆਏ ਸਨ | ਉਨ੍ਹਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ | ਉਹ ਹੀਥਰੋ ਹਵਾਈ ਅੱਡੇ ਤੋਂ ਹਵਾਈ ਉਡਾਣਾਂ ਦੇ ਅਮਲੇ ਨੂੰ ਲਿਆਉਣ ਵਾਲੀ ਕੰਪਨੀ ਵਿਚ ਬੱਸ ਡਰਾਈਵਰ ਵਜੋਂ ਕੰਮ ਕਰਦੇ ਸਨ | ਉਹ ਬੀਤੇ ਕੁਝ ਦਿਨਾਂ ਤੋਂ ਕੋਵਿਡ-19 ਤੋਂ ਪ੍ਰਭਾਵਿਤ ਸਨ, ਪਰ ਸਿਹਤਯਾਬ ਹੋਣ ਬਾਅਦ ਮੁੜ ਬਿਮਾਰ ਪੈ ਗਏ ਅਤੇ ਅੱਜ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ | 

ਪੰਥਕ ਸਫ਼ਾ ਵਿਚ ਸਰਗਰਮੀ ਨਾਲ ਵਿਚਰਨ ਵਾਲੇ ਸਤਨਾਮ ਸਿੰਘ ਵਿਰਦੀ ਬਰਤਾਨੀਆ ਦੇ ਅਖੰਡ ਕੀਰਤਨੀ ਜਥੇ ਨਾਲ ਵੀ ਜੁੜੇ ਹੋਏ ਸਨ। ਯੂਰਪ ਵਿਚ ਹੋਣ ਵਾਲੀਆਂ ਰੈਣ-ਸਬਾਈ ਸਮਾਗਮਾਂ ਵਿਚ ਹਿੱਸਾ ਲੈਂਦੇ ਅਤੇ ਗੁਰਬਾਣੀ ਕੀਰਤਨ ਦੀ ਸੇਵਾ ਵੀ ਕਰਦੇ ਸਨ | ਸਿੰਘ ਸਭਾ ਵਿਚ ਸਿੱਖ ਪ੍ਰਚਾਰਕਾਂ ਦੀ ਭਲਾਈ ਕਰਦਿਆਂ ਸਾਰੀ ਸਮਾਗਮ ਭੇਟਾ ਦੇਣ ਦੀ ਸ਼ੁਰੂਆਤ ਵੀ ਉਨ੍ਹਾਂ ਕੀਤੀ ਸੀ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਕਾਰਜਕਾਰੀ ਮੈਂਬਰ ਡਾ. ਪਰਵਿੰਦਰ ਸਿੰਘ ਗਰਚਾ, ਡਾ.ਦਵਿੰਦਰਪਾਲ ਸਿੰਘ ਗਰਚਾ, ਬੀਬੀ ਤੇਜ ਕੌਰ, ਸੁਖਦੇਵ ਸਿੰਘ ਔਜਲਾ, ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ,ਜਸਬੀਰ ਸਿੰਘ ਘੁੰਮਣ, ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਥੇ ਹੀ ਉਹਨਾਂ ਇੰਗਲੈਂਡ ਵਿੱਚ ਰਹਿੰਦੇ ਸਮੁੱਚੇ ਭਾਈਚਾਰੇ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।ਉਕਤ ਆਗੂਆਂ ਨੇ ਸਤਨਾਮ ਸਿੰਘ ਵਿਰਦੀ ਦੀ ਮੌਤ ਨੂੰ ਸਿੱਖ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।


Vandana

Content Editor

Related News