ਇੰਗਲੈਂਡ : ਮਿੰਨੀ ਪੰਜਾਬ ਸਾਊਥਾਲ ’ਚ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

Monday, Aug 09, 2021 - 11:36 PM (IST)

ਇੰਗਲੈਂਡ : ਮਿੰਨੀ ਪੰਜਾਬ ਸਾਊਥਾਲ ’ਚ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

ਲੰਡਨ (ਰਾਜਵੀਰ ਸਮਰਾ)-ਬੀਤੇ ਦਿਨੀਂ ਲੰਡਨ ਦੇ ਸ਼ਹਿਰ ਸਾਊਥਾਲ ’ਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦਾ ਪ੍ਰਬੰਧ ਗੋਲਡਨ ਵਿਰਸਾ ਯੂ. ਕੇ. ਦੀ ਪੂਰੀ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਗੋਲਡਨ ਵਿਰਸਾ ਯੂ. ਕੇ. ਦੀ ਡਾਇਰੈਕਟਰ ਰਾਜਨਦੀਪ ਕੌਰ ਸਮਰਾ ਨੇ ਦੱਸਿਆ ਕਿ ਤੀਆਂ ਦੇ ਮੇਲੇ ’ਚ ਇਕੱਠੀਆਂ ਹੋਈਆਂ ਮੁਟਿਆਰਾਂ ਵੱਲੋਂ ਫੁਲਕਾਰੀਆਂ ਲੈ ਕੇ ਕਿੱਕਲੀ  ਅਤੇ ਚਰਖੇ ਕੱਤ ਕੇ ਅਲੋਪ ਹੋ ਰਹੇ ਪੰਜਾਬ ਦੇ ਪੁਰਾਤਨ ਅਤੇ ਪੰਜਾਬੀ ਵਿਰਸੇ ਨੂੰ ਯਾਦ ਕੀਤਾ ਗਿਆ ।

PunjabKesari

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਈਲਿੰਗ ਕੌਂਸਲ ਤੋਂ ਡਿਪਟੀ ਮੇਅਰ ਮਹਿੰਦਰ ਕੌਰ ਮਿੱਡਾ ਅਤੇ ਉਨ੍ਹਾਂ ਦੇ ਪਤੀ ਹਰਬੰਸ ਸਿੰਘ ਮਿੱਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।  ਡਿਪਟੀ ਮੇਅਰ ਮਹਿੰਦਰ ਕੌਰ ਮਿੱਡਾ ਨੇ ਰਿਬਨ ਕੱਟ ਕੇ ਤੀਆਂ ਦੇ ਮੇਲੇ ਦੀ ਸ਼ੁਰੂਆਤ ਕੀਤੀ। ਗੋਲਡਨ ਵਿਰਸਾ ਯੂ. ਕੇ. ਦੇ ਪ੍ਰਬੰਧਕਾਂ ਨੇ ਮਹਿੰਦਰ ਕੌਰ ਮਿੱਡਾ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਫੁਲਕਾਰੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ

PunjabKesari

ਮਹਿੰਦਰ ਕੌਰ ਮਿੱਡਾ ਨੇ ਕਿਹਾ ਕਿ ਗੋਲਡਨ ਵਿਰਸਾ ਯੂ. ਕੇ. ਦੀ ਪੂਰੀ ਟੀਮ ਇਸ ਵਿਸ਼ੇਸ਼ ਉਪਰਾਲੇ ਲਈ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ’ਤੇ ਮੇਲੇ ਇਸੇ ਤਰ੍ਹਾਂ ਹੀ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਹੀ ਆਉਣ ਵਾਲੀ ਨੌਜਵਾਨ ਪੀੜ੍ਹੀ ਪ੍ਰਦੇਸਾਂ ’ਚ ਰਹਿ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਰਹਿ ਸਕਦੀ ਹੈ । ਮੇਲੇ ਦੌਰਾਨ  ਮਹਿੰਦਰ ਕੌਰ ਮਿੱਡਾ ਵੱਲੋਂ ਖ਼ੁਦ ਬੋਲੀਆਂ ਅਤੇ ਗਿੱਧਾ ਪਾ ਕੇ ਖੂਬ ਰੰਗ ਬੰਨ੍ਹਿਆ ਗਿਆ । ਨਸੀਬ ਕੌਰ ਮੱਲ੍ਹੀ ਨੇ ਆਈਆਂ ਹੋਈਆਂ ਸਾਰੀਆਂ ਮੁਟਿਆਰਾਂ ਦਾ ਧੰਨਵਾਦ ਕੀਤਾ । ਤੀਆਂ ਦੇ ਤਿਉਹਾਰ ਨੂੰ ਨੇਪਰੇ ਚਾੜ੍ਹਨ ਲਈ ਨਸੀਬ ਕੌਰ ਮੱਲ੍ਹੀ, ਕਮਲਜੀਤ ਕੌਰ ਧਾਮੀ, ਸ਼ਿੰਦੋ ਕੌਰ, ਕੁਲਵੰਤ ਕੌਰ, ਅਨੂੰ ਫਲੋਰਾ, ਮੋਹਨਜੀਤ ਕੌਰ ਬਸਰਾ, ਜੀਤੀ ਕੌਰ, ਸਰਬਜੀਤ ਕੌਰ ਨੇ ਅਹਿਮ ਯੋਗਦਾਨ ਪਾਇਆ। ਮੇਲੇ ਦੌਰਾਨ ਸਮੋਸੇ, ਕੇਕ, ਲੱਡੂ, ਸਾਫਟ ਡਰਿੰਕ ਤੇ ਹੋਰ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਮੇਲੇ ’ਚ ਜਿਨ੍ਹਾਂ ਮੁਟਿਆਰਾਂ ਨੇ ਪੰਜਾਬੀ ਪਹਿਰਾਵਾ, ਗਿੱਧਾ, ਕਿੱਕਲੀ ਅਤੇ ਬੋਲੀਆਂ ਪਾਈਆਂ, ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਗੋਲਡਨ ਵਿਰਸਾ ਯੂ. ਕੇ. ਵੱਲੋਂ ਸਨਮਾਨਤ ਕੀਤਾ ਗਿਆ ।

ਇਹ ਵੀ ਪੜ੍ਹੋ : ਡ੍ਰੈਗਨ ਦੇ ਗੁੱਸੇ ਨਾਲ ਖ਼ੌਫ ’ਚ ਇਮਰਾਨ, ਚੀਨੀ ਨਾਗਰਿਕਾਂ ਦੀ ਸਖ਼ਤ ਸੁਰੱਖਿਆ ਦਾ ਦਿੱਤਾ ਭਰੋਸਾ


author

Manoj

Content Editor

Related News