ਗਲਾਸਗੋ ਵਿਖੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਦਾ ਸਨਮਾਨ

Thursday, Aug 22, 2019 - 04:48 PM (IST)

ਗਲਾਸਗੋ ਵਿਖੇ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਕਵੀਸ਼ਰੀ ਜੱਥੇ ਦਾ ਸਨਮਾਨ

ਲੰਡਨ (ਮਨਦੀਪ ਖੁਰਮੀ)— ਸੰਸਾਰ ਪ੍ਰਸਿੱਧ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਕਵੀਸ਼ਰੀ ਜੱਥਾ ਅੱਜ-ਕਲ੍ਹ ਇੰਗਲੈਂਡ ਅਤੇ ਸਕਾਟਲੈਂਡ ਦੇ ਦੌਰੇ 'ਤੇ ਹੈ। ਸਿੱਖ ਜਗਤ ਵਿੱਚ ਸਤਿਕਾਰਤ ਜੱਥੇ ਵਜੋਂ ਪਿਆਰ ਹਾਸਲ ਕਰਨ ਵਾਲੇ ਇਸ ਜੱਥੇ ਨੂੰ ਸੰਗਤਾਂ ਨਿੱਠ ਕੇ ਸੁਣਨ ਪਹੁੰਚ ਰਹੀਆਂ ਹਨ। ਗਲਾਸਗੋ ਦੇ ਗੁਰੂ ਘਰਾਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਅਲਬਰਟ ਡਰਾਈਵ ਅਤੇ ਸੈਟਰਲ ਗੁਰਦੁਆਰਾ ਸਾਹਿਬ ਬਰਕਲੇ ਸਟਰੀਟ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਸਿੱਖ ਸੰਗਤਾਂ ਨੂੰ ਆਪਣੀਆਂ ਪ੍ਰਸਿੱਧ ਰਚਨਾਵਾਂ “ਸਾਡੀ ਏਸੇ ਕਰਕੇ ਤੇਰੇ ਨਾਲ ਬਣਦੀ ਨਹੀਂ ਸਰਕਾਰੇ ਨੀ'', “ਗੱਲਾਂ ਨੇ ਖਾਲਸਾ ਰਾਜਨੀਤੀ ਸੁਣਕੇ ਭੁਲਾਉਣ ਦਾ ਕੀ ਫ਼ੈਦਾ'', “ਕਾਰ ਜੁਝਾਰੂਆ ਦੀ'' ਆਦਿ ਨਾਲ ਆਪਣੀਆਂ ਬੁਲੰਦ ਅਵਾਜ਼ਾਂ ਵਿੱਚ ਕਵੀਸ਼ਰੀ ਦੇ ਰੰਗਾਂ ਨਾਲ ਲਾਸਾਨੀ ਸਿੱਖ ਇਤਿਹਾਸ ਦੇ ਪੰਨ੍ਹਿਆਂ ਦੀ ਤਹਿਰੀਕ ਬਿਆਨ ਕੀਤੀ। 

ਜੱਥੇ ਦੀ ਆਵਾਜ਼ ਤੇ ਅੰਦਾਜ਼ ਦਾ ਜਾਦੂ ਇਸ ਕਦਰ ਸੰਗਤਾਂ ਦੇ ਸਿਰ ਚੜ੍ਹ ਬੋਲਦਾ ਹੈ ਕਿ ਪੰਡਾਲ ਵਿੱਚੋਂ ਸਾਹਾਂ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਜੱਥੇ ਦੇ ਮਾਣ ਸਤਿਕਾਰ ਵਜੋਂ ਦੂਰੋਂ-ਦੂਰੋਂ ਪਹੁੰਚ ਕੇ ਸੰਗਤਾਂ ਨੇ ਗੁਰ ਜਸ ਸਰਵਣ ਕੀਤਾ। ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਲੁਭਾਇਆ ਸਿੰਘ, ਸੈਂਟਰਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਧਰੀ ਤੇ ਕਮੇਟੀ ਮੈਂਬਰਾਂ ਵੱਲੋਂ ਭਾਈ ਮਹਿਲ ਸਿੰਘ ਜੀ, ਭਾਈ ਗੁਰਲਾਲ ਸਿੰਘ ਤੇ ਭਾਈ ਜੁਗਰਾਜ ਸਿੰਘ ਨੂੰ ਪੰਥ ਪ੍ਰਤੀ ਲਗਾਤਾਰ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ। 


author

Vandana

Content Editor

Related News