ਇੰਗਲੈਂਡ ''ਚ ਵਸਦੇ ਏਸ਼ੀਅਨ ਲੋਕਾਂ ਤੋਂ ਬੀਤੇ ਵਰ੍ਹੇ 500 ਲੱਖ ਪੌਂਡ ਦਾ ਸੋਨਾ ਤੇ ਗਹਿਣਿਆਂ ਦੀ ਹੋਈ ਲੁੱਟ

10/19/2017 10:33:13 AM

ਲੰਡਨ(ਰਾਜਵੀਰ ਸਮਰਾ)— ਭਾਰਤੀਆਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਗਹਿਣੇ ਖ਼ਰੀਦਣ ਅਤੇ ਪਹਿਨਣ ਦਾ ਸ਼ੌਂਕ ਹੁੰਦਾ ਹੈ, ਜਿਸ ਲਈ ਇੰਗਲੈਂਡ 'ਚ ਭਾਰਤੀਆਂ ਦੀ ਸੰਘਣੀ ਵੱਸੋਂ ਵਾਲੇ ਇਲਾਕਿਆਂ 'ਚ ਪੁਲਸ ਵੱਲੋਂ ਪਹਿਲਾਂ ਹੀ ਸਾਵਧਾਨੀ ਵਰਤਣ ਲਈ ਚੇਤਾਵਨੀ ਦੇ ਦਿੱਤੀ ਜਾਂਦੀ ਹੈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਗਸ਼ਤ ਤੇਜ਼ ਕਰ ਦਿੱਤੀ ਜਾਂਦੀ ਹੈ। ਮੈਟਰੋਪੁਲੀਟਨ ਪੁਲਸ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀਤੇ ਵਰ੍ਹੇ ਇਕੱਲੇ ਲੰਡਨ 'ਚ ਲੁਟੇਰਿਆਂ ਨੇ 500 ਲੱਖ (50 ਮਿਲੀਅਨ) ਪੌਂਡ ਦੀ ਕੀਮਤ ਦੇ ਗਹਿਣੇ ਲੁੱਟੇ ਹਨ। ਲੁਟੇਰਿਆਂ ਦਾ ਨਿਸ਼ਾਨਾ ਭਾਰਤੀਆਂ ਸਮੇਤ ਏਸ਼ੀਅਨ ਲੋਕ ਰਹੇ ਹਨ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਏਸ਼ੀਅਨ ਪਰਿਵਾਰਾਂ ਤੋਂ ਲੁੱਟੇ ਜਾਂ ਚੋਰੀ ਕੀਤੇ ਗਏ ਸੋਨੇ ਤੇ ਗਹਿਣਿਆਂ ਦੇ 3463 ਮਾਮਲੇ ਸਾਲ 2016/17 'ਚ ਸਾਹਮਣੇ ਆਏ ਹਨ। ਦੀਵਾਲੀ ਦੇ ਤਿਉਹਾਰ ਮੌਕੇ ਲੰਡਨ ਪੁਲਸ ਨੇ ਲੋਕਾਂ ਨੂੰ ਚੋਰਾਂ ਦੇ ਗਿਰੋਹਾਂ ਤੋਂ ਸਾਵਧਾਨ ਕੀਤਾ ਹੈ। ਜਾਂਚ ਅਧਿਕਾਰੀ ਸੁਪਰਡੈਂਟ ਜੇਨੀ ਕੌਰੀਗਨ ਨੇ ਕਿਹਾ ਹੈ ਕਿ ਭਾਵੇਂ ਚੋਰਾਂ ਨੂੰ ਫੜ੍ਹਨ 'ਚ ਪੁਲਸ ਨੂੰ ਸਫ਼ਲਤਾ ਮਿਲੀ ਹੈ, ਪਰ ਫਿਰ ਵੀ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਨੀ ਕੌਰੀਗਨ ਨੇ ਇਹ ਵੀ ਕਿਹਾ ਕਿ ਅਪਰਾਧੀ ਲੋਕਾਂ ਲਈ ਸੋਨਾ ਵੱਡਾ ਨਿਸ਼ਾਨਾ ਹੁੰਦਾ ਹੈ ਕਿਉਂਕਿ ਇਸ ਨੂੰ ਉਹ ਤੇਜ਼ੀ ਨਾਲ ਨਕਦੀ 'ਚ ਤਬਦੀਲ ਕਰ ਸਕਦੇ ਹਨ। ਸੋਨਾ ਅਤੇ ਗਹਿਣੇ ਸਿਰਫ਼ ਕੀਮਤ ਪੱਖੋਂ ਹੀ ਨਹੀਂ ਸਗੋਂ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ।


Related News