ਐਲਨ ਮਸਕ ਨੇ ਪਾਰਟੀ ਦਾ ਐਲਾਨ ਤਾਂ ਕਰ''ਤਾ, ਕੀ ਸੌਖਾ ਹੋਵੇਗਾ ਅੱਗੇ ਦਾ ਸਫ਼ਰ ?

Monday, Jul 07, 2025 - 09:24 AM (IST)

ਐਲਨ ਮਸਕ ਨੇ ਪਾਰਟੀ ਦਾ ਐਲਾਨ ਤਾਂ ਕਰ''ਤਾ, ਕੀ ਸੌਖਾ ਹੋਵੇਗਾ ਅੱਗੇ ਦਾ ਸਫ਼ਰ ?

ਇੰਟਰਨੈਸ਼ਨਲ ਡੈਸਕ- ਭਾਵੇਂ ਅਮਰੀਕੀ ਉਦਯੋਗਪਤੀ ਐਲਨ ਮਸਕ ਨੇ ‘ਅਮਰੀਕਾ ਪਾਰਟੀ’ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਲਈ ਅਮਰੀਕਾ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੀ ਦੋ-ਪਾਰਟੀ ਸਿਆਸਤ ਨੂੰ ਚੁਣੌਤੀ ਦੇਣਾ ਸੌਖਾ ਨਹੀਂ ਹੈ। ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਦੇਸ਼ ਵਿੱਚ ਦੋ-ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦੇਣ ਲਈ ‘ਅਮਰੀਕਾ ਪਾਰਟੀ’ ਬਣਾਈ ਹੈ। 

‘ਟੈਸਲਾ’ ਅਤੇ ‘ਸਪੇਸਐਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਨੂੰ ਬਰਬਾਦੀ ਅਤੇ ਭ੍ਰਿਸ਼ਟਾਚਾਰ ਨਾਲ ਦੀਵਾਲੀਆ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਲੋਕਤੰਤਰ ਵਿੱਚ ਨਹੀਂ ਸਗੋਂ ਇੱਕ-ਪਾਰਟੀ ਪ੍ਰਣਾਲੀ ਹੁੰਦੇ ਵਿੱਚ ਹਾਂ। ਹਾਲਾਂਕਿ ਮਸਕ ਨੇ ਇਹ ਨਹੀਂ ਦੱਸਿਆ ਕਿ ਪਾਰਟੀ ਕਿੱਥੋਂ ਰਜਿਸਟਰਡ ਹੋ ਸਕਦੀ ਹੈ।

ਇਸ ਮਾਮਲੇ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਦੋ-ਪਾਰਟੀ ਪ੍ਰਣਾਲੀ ’ਚ ਸੂਬਾ ਵਾਰ ਵੋਟ ਪ੍ਰਣਾਲੀ, ਰਜਿਸਟ੍ਰੇਸ਼ਨ ਪ੍ਰਕਿਰਿਆ, ਫੰਡ ਇਕੱਠਾ ਕਰਨ ਅਤੇ ਵੋਟਰ ਸਮਰਥਨ ਦੀ ਘਾਟ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਸਕ ਕੋਲ ਸਰੋਤ ਤਾਂ ਹਨ ਪਰ ਸਿਆਸੀ ਸਬਰ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਦੀ ਘਾਟ ਇੱਕ ਵੱਡੀ ਰੁਕਾਵਟ ਬਣ ਸਕਦੀ ਹੈ।

ਅਮਰੀਕਾ ਵਿੱਚ ਛੋਟੀਆਂ ਪਾਰਟੀਆਂ ਕਿਉਂ ਨਹੀਂ ਹੁੰਦੀਆਂ ਸਫਲ ?
ਜਾਰਜਟਾਊਨ ਯੂਨੀਵਰਸਿਟੀ ਦੇ ਪ੍ਰੋਫੈਸਰ ਹੰਸ ਨੋਇਲ ਦਾ ਤਰਕ ਹੈ ਕਿ ਅਮਰੀਕਾ ਕੋਲ ਉਹ ਸੰਸਥਾਵਾਂ ਨਹੀਂ ਹਨ, ਜੋ ਬਹੁ-ਪਾਰਟੀ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਫਲ ਹੋਣ ਦਾ ਮੌਕਾ ਦੇਣ। ਹੋਰ ਲੋਕਤੰਤਰਿਕ ਦੇਸ਼ਾਂ ਵਾਂਗ ਇੱਥੇ ਵੀ ਜੇਕਰ ਕਿਸੇ ਨੂੰ 20-30 ਫੀਸਦੀ ਵੋਟਾਂ ਮਿਲਣ ਦੇ ਬਾਵਜੂਦ ਕੋਈ ਸੀਟ ਨਹੀਂ ਮਿਲਦੀ ਤਾਂ ਛੋਟੀਆਂ ਪਾਰਟੀਆਂ ਦਾ ਟਿਕਣਾ ਬਹੁਤ ਮੁਸ਼ਕਿਲ ਹੈ।

ਜੇਕਰ ਮਸਕ ਭਵਿੱਖ ਵਿੱਚ ਵੱਖ-ਵੱਖ ਸੂਬਿਆਂ ਵਿੱਚ ਸੰਘੀ ਉਮੀਦਵਾਰਾਂ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ ਜਾਂ ਕਿਸੇ ਤੀਜੀ ਧਿਰ ਤੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਨੂੰ ਉਤਾਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਹਰ ਸੂਬੇ ਦੇ ਵੱਖ-ਵੱਖ ਬੈਲੇਟ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਨਵੀਂ ਪਾਰਟੀ ਨੂੰ ਰਜਿਸਟਰ ਕਰਨ ਲਈ ਸੂਬਾ ਅਤੇ ਸੰਘੀ ਚੋਣ ਕਮਿਸ਼ਨ (ਐੱਫ. ਈ. ਸੀ.) ਕੋਲ ਵੱਖੋ-ਵੱਖ ਨਿਯਮ ਹੁੰਦੇ ਹਨ। ਅਕਸਰ ਇਨ੍ਹਾਂ ਵਿੱਚ ਰਿਹਾਇਸ਼ ਦਾ ਸਬੂਤ ਅਤੇ ਵੋਟਰਾਂ ਤੋਂ ਪਟੀਸ਼ਨ ’ਤੇ ਦਸਤਖਤ ਵਰਗੀਆਂ ਸ਼ਰਤਾਂ ਸ਼ਾਮਲ ਹੁੰਦੀਆਂ ਹਨ।

ਇਹ ਵੀ ਪੜ੍ਹੋ- ਭਾਰਤ 'ਚ F-35 ਦੀ ਹੋਈ ਐਮਰਜੈਂਸੀ ਲੈਂਡਿੰਗ, 22 ਦਿਨਾਂ ਬਾਅਦ ਜਾਂਚ ਲਈ ਪਹੁੰਚੀ ਟੀਮ

ਮਸਕ ਅਤੇ ਟਰੰਪ ਵਿਚਾਲੇ ਕੁੜੱਤਣ ਨੇ ਬਦਲੇ ਸਮੀਕਰਨ
ਇੱਕ ਰਿਪੋਰਟ ਅਨੁਸਾਰ ਪ੍ਰਮੁੱਖ ਮੀਡੀਆ ਸੰਸਥਾਵਾਂ ਦਾ ਮੰਨਣਾ ਹੈ ਕਿ ਮਸਕ ਅਤੇ ਟਰੰਪ ਵਿਚਕਾਰ ਕੁੜੱਤਣ ਹੀ ਇਸ ਪਾਰਟੀ ਦੇ ਐਲਾਨ ਪਿੱਛੇ ਵੱਡੀ ਵਜ੍ਹਾ ਸੀ। ਮਸਕ ਟਰੰਪ ਦੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਸਨ ਪਰ ਉਨ੍ਹਾਂ ਦੀ ਆਲੋਚਨਾ ਨੇ ਹੀ ਮਸਕ ਲਈ ਸਿਆਸੀ ਪਾਰਟੀ ਬਣਾਉਣ ਦੇ ਦਰਵਾਜ਼ੇ ਖੋਲ੍ਹ ਦਿੱਤੇ। ਮਸਕ ਅਤੇ ਟਰੰਪ ਦੀ ਬਹਿਸ ‘ਐਕਸ ਐਂਡ ਟਰੂਥ’ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਚੱਲੀ। ਟਰੰਪ ਨੇ ਦਾਅਵਾ ਕੀਤਾ ਕਿ ਮਸਕ ਦਾ ਵਿਰੋਧ ਇਲੈਕਟ੍ਰਿਕ ਵਾਹਨਾਂ ’ਤੇ ਟੈਕਸ ਛੋਟ ਨੂੰ ਖਤਮ ਕਰਨ ਨਾਲ ਜੁੜਿਆ ਹੋਇਆ ਸੀ, ਜਿਸ ਨਾਲ ‘ਟੈਸਲਾ’ ਨੂੰ ਨੁਕਸਾਨ ਹੋ ਸਕਦਾ ਸੀ।

ਸਿਰਫ਼ ਦਬਾਅ ਬਣਾਉਣਾ ਚਾਹੁੰਦੇ ਹਨ ਮਸਕ
ਕਤਰ ਦੇ ਮੀਡੀਆ ਨੇ ਸਿਆਸੀ ਮਾਹਿਰ ਥਾਮਸ ਗਿਫਟ ਦੇ ਹਵਾਲੇ ਨਾਲ ਲਿਖਿਆ ਕਿ ਮਸਕ ਅਸਲ ਵਿੱਚ ਪਾਰਟੀ ਨਹੀਂ ਬਣਾਉਣਾ ਚਾਹੁੰਦੇ, ਸਗੋਂ ਰਿਪਬਲਿਕਨਜ਼ ’ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਥਾਮਸ ਗਿਫਟ ਨੇ ਕਿਹਾ ਕਿ ਇਹ ਐਲਨ ਮਸਕ ਦੀ ਇੱਕ ਚਾਲ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੀ ਮਜ਼ਬੂਤ ​​ਸੰਗਠਨਾਤਮਕ ਤਾਕਤ ’ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਗਿਫਟ ​​ਨੇ ਕਿਹਾ ਕਿ ਪਾਰਟੀ ਬਣਾਉਣਾ ਤਾਂ ਸੰਭਵ ਹੈ ਪਰ ਅਮਰੀਕੀ ਕਾਂਗਰਸ ਵਿੱਚ ਸੀਟਾਂ ਜਿੱਤਣਾ ਇੱਕ ਬਿਲਕੁਲ ਵੱਖਰਾ ਮਾਮਲਾ ਹੈ।

2026 ਲਈ ਮਸਕ ਦੀ ਯੋਜਨਾ ਗ਼ੈਰ-ਵਿਵਹਾਰਕ
ਅਮਰੀਕੀ ਕਾਨੂੰਨ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵਾਂ ਨੂੰ ਲਾਭ ਪਹੁੰਚਾਉਂਦੇ ਹਨ। ਮਸਕ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਵੇਂ ਕਿ ਬੈਲੇਟ ਪਹੁੰਚ ਲਈ ਜ਼ਿਆਦਾ ਦਸਤਖਤ। ਇੱਕ ਰਾਸ਼ਟਰੀ ਪਾਰਟੀ ਬਣਾਉਣ ਵਿੱਚ ਕਈ ਸਾਲ ਲੱਗ ਸਕਦੇ ਹਨ, ਇਸ ਲਈ 2026 ਲਈ ਉਨ੍ਹਾਂ ਦੀ ਯੋਜਨਾ ਗੈ਼ਰ-ਵਿਵਹਾਰਕ ਜਾਪਦੀ ਹੈ।

ਇਹ ਵੀ ਪੜ੍ਹੋ- ਸਾਵਧਾਨ ! ਹਾਲੇ ਹੋਰ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ 'ਰੈੱਡ ਅਲਰਟ'

ਦੋ-ਪਾਰਟੀ ਪ੍ਰਣਾਲੀ ਅਤੇ ਤੀਜੀ ਧਿਰ ਦਾ ਪ੍ਰਭਾਵ
ਦੋ ਪ੍ਰਮੁੱਖ ਸਿਆਸੀ ਪਾਰਟੀਆਂ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਲੰਬੇ ਸਮੇਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਮੌਜੂਦ ਹਨ ਪਰ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਸੀਮਤ ਸਮਰਥਨ ਪ੍ਰਾਪਤ ਹੋਇਆ ਹੈ। ਆਖਰੀ ਵਾਰ 1968 ’ਚ ‘ਜਾਰਜ ਵਾਲੇਸ’ ਨਾਂ ਦੀ ਤੀਜੀ ਧਿਰ ਦੇ ਉਮੀਦਵਾਰ ਨੂੰ ਰਾਸ਼ਟਰਪਤੀ ਚੋਣ ਵਿੱਚ ਇਲੈਕਟੋਰਲ ਵੋਟਾਂ ਮਿਲੀਆਂ ਸਨ। ਉਦੋਂ ਅਮਰੀਕਾ ਦੇ 5 ਦੱਖਣੀ ਸੂਬਿਆਂ ਨੇ ਜਾਰਜ ਵਾਲੇਸ ਨੂੰ ਵੋਟਾਂ ਪਾਈਆਂ ਸਨ, ਜੋ ਕਿ ‘ਅਮਰੀਕਨ ਇੰਡੀਪੈਂਡੈਂਟ’ ਪਾਰਟੀ ਦੇ ਉਮੀਦਵਾਰ ਸਨ।

ਅਰਬਪਤੀ ਕਾਰੋਬਾਰੀ ਰੌਸ ਪੇਰੋਟ ਨੂੰ 1992 ਵਿੱਚ ਲਗਭਗ 19 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਕੋਈ ਵੀ ਇਲੈਕਟੋਰਲ ਕਾਲਜ ਵੋਟ ਨਹੀਂ ਮਿਲੀ ਸੀ। ਰਾਲਫ਼ ਨੇਡਰ ਦੀ ‘ਗ੍ਰੀਨ’ ਪਾਰਟੀ ਦਾ 2000 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਫਲੋਰੀਡਾ ਵਿੱਚ ਪ੍ਰਭਾਵ ਦਿਸਿਆ ਪਰ ਉਹ ਕੋਈ ਵੀ ਇਲੈਕਟੋਰਲ ਵੋਟ ਜਿੱਤਣ ਵਿੱਚ ਅਸਫਲ ਰਹੇ।

1912 ਵਿੱਚ ਪ੍ਰੋਗ੍ਰੈਸਿਵ ਪਾਰਟੀ ਦੇ ਥਿਓਡੋਰ ਰੂਜ਼ਵੈਲਟ ਨੇ 27.4 ਫੀਸਦੀ ਪ੍ਰਸਿੱਧ ਅਤੇ 88 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜੋ ਕਿ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਧੀਆ ਤੀਜੀ ਧਿਰ ਦੇ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ। 1920 ਤੋਂ ਬਾਅਦ ਕੁਝ ਹੀ ਮਾਮਲਿਆਂ ਵਿੱਚ ਹੀ ਸੂਬਿਆਂ ਵਿੱਚ ਤੀਜੀ ਧਿਰ ਜਿੱਤੀ।

ਇਹ ਵੀ ਪੜ੍ਹੋ- ਗਾਜ਼ਾ 'ਚ ਇਕ ਵਾਰ ਫ਼ਿਰ ਹੋ ਗਿਆ ਧਮਾਕਾ ! 33 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News