ਮੈਕਸੀਕੋ ’ਚ ਭੂਚਾਲ ਕਾਰਨ ਬਿਜਲੀ ਸਪਲਾਈ ਠੱਪ, ਹਨ੍ਹੇਰੇ ’ਚ ਲੱਖਾਂ ਲੋਕ
Wednesday, Sep 08, 2021 - 02:50 PM (IST)
ਮੈਕਸੀਕੋ ਸਿਟੀ (ਵਾਰਤਾ) : ਦੱਖਣੀ ਮੈਕਸੀਕੋ ਵਿਚ ਮੰਗਲਵਾਰ ਦੀ ਸ਼ਾਮ ਨੂੰ ਆਏ 7.1 ਤੀਬਰਤਾ ਵਾਲੇ ਭੂਚਾਲ ਕਾਰਨ ਬਿਜਲੀ ਸਪਲਾਈ ’ਤੇ ਵਿਆਪਕ ਅਸਰ ਪਿਆ ਹੈ ਅਤੇ ਕਰੀਬ 10.6 ਲੱਖ ਲੋਕਾਂ ਨੂੰ ਹਨ੍ਹੇਰੇ ਦਾ ਸਾਹਮਣਾ ਕਰਨਾ ਪਿਆ ਹੈ। ਮੈਕਸੀਕੋ ਦੇ ਕੇਂਦਰੀ ਬਿਜਲੀ ਕਮਿਸ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਮਿਸ਼ਨ ਨੇ ਦੱਸਿਆ ਕਿ ਮੈਕਸੀਕੋ ਸਿਟੀ, ਮੈਕਸੀਕੋ, ਗੁਏਰੇਰੋ, ਮੋਰੇਲੋਸ ਅਤੇ ਓਕਸਾਕਾ ਸੂਬਿਆਂ ਵਿਚ ਕਰੀਬ 10.6 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਐਮਰਜੈਂਸੀ ਨਿਗਰਾਨੀ ਪ੍ਰੋਟੋਕਾਲ ਦੇ ਅਨੁਸਾਰ ਬਿਜਲੀ ਸਪਲਾਈ ਬਹਾਲ ਕਰਨ ਦਾ ਕੰਮ ਜਾਰੀ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਦੱਖਣੀ-ਪੱਛਮੀ ਸੂਬੇ ਗੁਏਰੇਰੋ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਿਹ ਤੋਂ ਕਰੀਬ 20 ਕਿਲੋਮੀਟਰ ਦੀ ਡੂੰਘਾਈ ’ਤੇ ਰਿਹਾ। ਗੁਏਰੇਰੋ ਸੂਬੇ ਦੇ ਗਵਰਨਰ ਹੈਕਟਰ ਐਸਟੁਡੀਲੋ ਨੇ ਮਿਲੇਨਿਓ ਟੈਲੀਵਿਜ਼ਨ ਨੂੰ ਮੰਗਲਵਾਰ ਰਾਤ ਨੂੰ ਦੱਸਿਆ ਕਿ ਅਕਾਪੁਲਕੋ ਨੇੜੇ ਕੋਯੁਕਾ ਦੇ ਬੇਨਿਤੇਜ ਸ਼ਹਿਰ ਵਿਚ ਇਕ ਖੰਭਾ ਡਿੱਗਣ ਕਾਰਨ ਉਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।