ਮਿਸਰ ਦੀ ਸਰਕਾਰ ਨੇ ਈਦ ਤੋਂ ਪਹਿਲਾਂ 41 ਕੈਦੀ ਕੀਤੇ ਰਿਹਾਅ

04/25/2022 12:00:24 PM

ਕਾਹਿਰਾ (ਏਜੰਸੀ): ਮਿਸਰ ਨੇ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੀ ਸਮਾਪਤੀ ਤੋਂ ਇਕ ਹਫ਼ਤਾ ਪਹਿਲਾਂ ਐਤਵਾਰ ਨੂੰ 41 ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਸਮੇਂ ਕੈਦੀਆਂ ਨੂੰ ਆਮ ਤੌਰ 'ਤੇ ਮੁਆਫ਼ੀ ਦਿੱਤੀ ਜਾਂਦੀ ਹੈ। ਇਕ ਸਿਆਸੀ ਪਾਰਟੀ ਅਤੇ ਅਧਿਕਾਰਤ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਿਆਸੀ ਕਾਰਕੁਨਾਂ ਅਤੇ ਪਰਿਵਾਰਕ ਮੈਂਬਰਾਂ ਨੇ ਕਈ ਕੈਦੀਆਂ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ। ਰਿਫਾਰਮ ਐਂਡ ਡਿਵੈਲਪਮੈਂਟ ਪਾਰਟੀ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਲੋਕ ਸਿਆਸੀ ਕੈਦੀ ਸਨ ਜਿਨ੍ਹਾਂ ਨੂੰ ਉਨ੍ਹਾਂ ਵਿਰੁੱਧ ਦਰਜ ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ ਸੀ। 

ਸਰਕਾਰੀ ਅਖ਼ਬਾਰ ਅਲ-ਅਹਰਮ ਦੇ ਅੰਗਰੇਜ਼ੀ ਐਡੀਸ਼ਨ ਦੀ ਰਿਪੋਰਟ ਮੁਤਾਬਕ ਕੁੱਲ 41 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਸਰਕਾਰੀ ਮਨੁੱਖੀ ਅਧਿਕਾਰ ਸੰਸਥਾ ਨੇ ਇਕ ਬਿਆਨ 'ਚ ਕਿਹਾ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ 'ਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਇਹ ਕਦਮ ਰਮਜ਼ਾਨ ਦੇ ਅੰਤ ਵਿੱਚ ਈਦ ਦੀਆਂ ਛੁੱਟੀਆਂ ਤੋਂ ਇੱਕ ਹਫ਼ਤਾ ਪਹਿਲਾਂ ਆਇਆ ਹੈ। ਇਹ ਆਮ ਤੌਰ 'ਤੇ ਅਜਿਹਾ ਸਮਾਂ ਹੁੰਦਾ ਹੈ ਜਦੋਂ ਕੈਦੀਆਂ ਨੂੰ ਰਾਸ਼ਟਰਪਤੀ ਦੀ ਮੁਆਫੀ 'ਤੇ ਰਿਹਾਅ ਕੀਤਾ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਕੀਤਾ ਐਲਾਨ

ਇਸ ਸਾਲ ਰਿਹਾਅ ਕੀਤੇ ਗਏ ਕੈਦੀਆਂ ਦੀ ਗਿਣਤੀ ਹਾਲ ਦੇ ਸਾਲਾਂ ਵਿੱਚ ਰਿਹਾਅ ਕੀਤੇ ਗਏ ਕੈਦੀਆਂ ਵਿੱਚੋਂ ਸਭ ਤੋਂ ਵੱਧ ਹੈ। ਦੱਸਿਆ ਜਾਂਦਾ ਹੈ ਕਿ ਮਿਸਰ ਦੀਆਂ ਜੇਲ੍ਹਾਂ ਵਿੱਚ ਹਜ਼ਾਰਾਂ ਸਿਆਸੀ ਕੈਦੀ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਖ਼ਿਲਾਫ਼ ਦਰਜ ਕੇਸਾਂ ਦੀ ਸੁਣਵਾਈ ਵੀ ਸ਼ੁਰੂ ਨਹੀਂ ਹੋਈ ਹੈ। ਰਿਹਾਅ ਕੀਤੇ ਗਏ ਲੋਕਾਂ ਵਿੱਚ ਸਿਆਸੀ ਕਾਰਕੁਨ ਵਲੀਦ ਸ਼ੌਕੀ ਵੀ ਸ਼ਾਮਲ ਹੈ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਹੇਬਾ ਅਨੀਸ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਕਾਰਕੁਨ ਐਸਰਾ ਅਬਦੇਲ ਫਤਾਹ ਨੇ ਕਿਹਾ ਕਿ ਪੱਤਰਕਾਰ ਮੁਹੰਮਦ ਸਲਾਹ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। 

ਮਨੁੱਖੀ ਅਧਿਕਾਰਾਂ ਦੇ ਵਕੀਲ ਨਬੇਹ ਅਲਗਨਾਦੀ ਨੇ ਰਾਦਵਾ ਮੁਹੰਮਦ ਨਾਲ ਇਕ ਫੋਟੋ ਸਾਂਝੀ ਕੀਤੀ, ਜਿਸ ਨੂੰ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦੀ ਆਲੋਚਨਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਮਨੁੱਖੀ ਅਧਿਕਾਰਾਂ ਦੇ ਵਕੀਲ ਖਾਲਿਦ ਅਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਦੱਖਣੀ ਹਿੱਸੇ 'ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਝੂਠ ਫੈਲਾਉਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ਨੇ ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓ 'ਚ ਖਾਣ-ਪੀਣ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਗੀਤ ਗਾਇਆ ਹੈ।


Vandana

Content Editor

Related News