ਹਾਂਗਕਾਂਗ ਕੋਰਟ ਨੇ ਚੀਨ ਖ਼ਿਲਾਫ਼ ਲਿਖਣ ਵਾਲੇ ਐਪਲ ਡੇਲੀ ਦੇ ਸੰਪਾਦਕ ਤੇ CEO ਨੂੰ ਨਹੀਂ ਦਿੱਤੀ ਜਮਾਨਤ
Sunday, Jun 20, 2021 - 01:11 PM (IST)
ਹਾਂਗਕਾਂਗ– ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅਖਬਾਰ ‘ਐਪਲ ਡੇਲੀ’ ਦੇ ਮੁੱਖ ਸੰਪਾਦਕ ਅਤੇ ਉਸ ਦੀ ਮੂਲ ਕੰਪਨੀ ਦੇ ਮੁਖੀ ਨੂੰ ਸ਼ਨੀਵਾਰ ਨੂੰ ਇਥੇ ਇਕ ਅਦਾਲਤ ਨੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਹਿਰ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਦੋ ਦਿਨ ਪਹਿਲਾਂ ਗ੍ਰਿਫਤਾਰੀ ਤੋਂ ਬਾਅਦ ਇਹ ਇਨ੍ਹਾਂ ਦੀ ਪਹਿਲੀ ਸੁਣਵਾਈ ਸੀ। ਮੁੱਖ ਸੰਪਾਦਕ ਰਾਇਨ ਲਾਅ ਅਤੇ ਨੈਕਸਟ ਡਿਜੀਟਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਚੇਉਂਗ ਕਿਮ-ਹੁੰਗ ਇਕ ਚਿੱਟੀ ਵੈਨ ’ਚ ਪਹੁੰਚੇ, ਜਿਸ ਦੀਆਂ ਬਾਰੀਆਂ ਪੂਰੀ ਤਰ੍ਹਾਂ ਢਕੀਆਂ ਹੋਈਆਂ ਸਨ। ਉਨ੍ਹਾਂ ’ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪਹੁੰਚਾਉਣ ਲਈ ਵਿਦੇਸ਼ ਦੇ ਨਾਲ ਮਿਲੀ ਭਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਸ ਮਾਮਲੇ ਨੂੰ ਅਰਧ-ਖੁਦਮੁਖਤਿਆਰੀ ਚੀਨੀ ਖੇਤਰ ਵਿਚ ਪ੍ਰੈੱਸ ਦੀ ਆਜ਼ਾਦੀ ’ਤੇ ਹਮਲੇ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਮੁੱਖ ਮੈਜਿਸਟ੍ਰੇਟ ਵਿਕਟਰ ਸੋ ਨੇ ਕਿਹਾ ਕਿ ਅਜਿਹਾ ਯਕੀਨ ਕਰਨ ਦਾ ਜ਼ਰੂਰੀ ਆਧਾਰ ਨਹੀਂਹੈ ਕਿ ਉਹ ਦੁਬਾਰਾ ਸੁਰੱਖਿਆ ਕਾਨੂੰਨ ਦਾ ਉਲੰਘਣ ਨਹੀਂ ਕਰਨਗੇ। ਉਨ੍ਹਾਂ ਨੇ ਉਨ੍ਹਾਂ ਨੂੰ ਲਾਈ ਚੀ ਕੋਕ ਹਿਰਾਸਤ ਕੇਂਦਰ ’ਚ ਰੱਖਣ ਦਾ ਆਦੇਸ਼ ਦਿੱਤਾ। ਅਦਾਲਤ ਨੇ ਅਗਲੀ ਸੁਣਵਾਈ ਲਈ 13 ਅਗਸਤ ਦੀ ਤਾਰੀਖ ਤੈਅ ਕੀਤੀ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਵਰਕਰ ਐਪਲ ਡੇਲੀ ਦੇ ਬੈਨਰ ਅਤੇ ਕਾਪੀਆਂ ਲੈ ਕੇ ਬਾਹਰ ਖੜ੍ਹੇ ਹੋਏ ਸਨ। ਇਸ ਮਾਮਲੇ ’ਚ ਬੁੱਧਵਾਰ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਲੋਕਾਂ- ਐਪਲ ਡੇਲੀ ਦੇ ਦੋ ਸੀਨੀਅਰ ਸੰਪਾਦਕਾਂ ਅਤੇ ਇਕ ਹੋਰ ਕਾਰਜਕਾਰੀ ਅਧਿਕਾਰੀ- ’ਤੇ ਅਜੇ ਕੋਈ ਦੋਸ਼ ਨਹੀਂ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਦਰ ਰਾਤ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਐਪਲ ਡੇਲੀ ਨੂੰ ਲੋਕਤੰਤਰ ਸਮਰਥਕ ਰਵੱਈਏ ਲਈ ਜਾਣਿਆ ਜਾਂਦਾ ਹੈ ਅਤੇ ਉਹ ਸ਼ਹਿਰ ’ਤੇ ਕੰਟਰੋਲ ਵਧਾਉਣ ਲਈ ਚੀਨ ਅਤੇ ਹਾਂਗਕਾਂਗ ਸਰਕਾਰਾਂ ਦੀ ਹਮੇਸ਼ਾ ਨਿੰਦਾ ਕਰਦਾ ਰਹਿੰਦਾ ਹੈ। ਉਸ ਨੇ ਹੋਰ ਲੋਕਤਾਂਤਰਿਕ ਅਧਿਕਾਰੀਆਂ ਦੀ ਮੰਗ ਕਰਦੇ 2019 ’ਚ ਹੋਏ ਪ੍ਰਦਰਸ਼ਨਾਂ ਦਾ ਵੀ ਸਮਰਥਨ ਕੀਤਾ ਸੀ ਅਤੇ ਇਸ ਤੋਂ ਬਾਅਦ ਪਿਛਲੇ ਸਾਲ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਸਮੇਤ ਕਈ ਕਦਮਾਂ ਦੀ ਨਿੰਦਾ ਕੀਤੀ ਸੀ। ਐਪਲ ਡੇਲੀ ਦੇ ਸੰਸਥਾਪਕ ਜਿੰਮੀ ਲਈ ਅਣਅਧਿਕਾਰਤ ਤਰੀਕੇ ਨਾਲ ਲੋਕਾਂ ਨੂੰ ਇਕੱਠੇ ਕਰਨ, ਰੈਲੀਆਂ ਅਤੇ ਮਾਰਚ ਕੱਢਣ ’ਚ ਭੂਮਿਕਾ ਨਿਭਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ 20 ਮਹੀਨਿਆਂ ਦੀ ਜੇਲ ਦੀ ਸਜਾ ਕੱਟ ਰਹੇ ਹਨ। ਅਮਰੀਕਾ ਕਨੇ ਇਸ ਕਾਰਵਾਈ ਨੂੰ ਲੈ ਕੇ ਚੀਨ ਅਤੇ ਹਾਂਗਕਾਂਗ ਦੇ ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਅਤੇ ਐਪਲ ਡੇਲੀ ਦੇ ਸੰਪਾਦਕਾਂ ਅਤੇ ਕਰਮਚਾਰੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।